ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਉਨ੍ਹਾਂ ਦੇ ਪੁੱਤਰ ਅਸ਼ੀਸ਼ ਮਿਸ਼ਰਾ, ਜਿਸ ਨੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰਨ ਮਗਰੋਂ ਆਪਣੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਦਰੜ ਦਿੱਤਾ, ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਹ ਮੰਗ ਅੱਜ ਲਖਨਊ ’ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤੀ, ਜਿਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮਿਲ ਕੇ ਅੱਜ ਲਖੀਮਪੁਰ ਖੀਰੀ ਜ਼ਿਲ੍ਹੇ ’ਚ ਚਾਰਾਂ ਕਿਸਾਨਾਂ ਤੇ ਪੱਤਰਕਾਰ ਦੀ ਰਿਹਾਇਸ਼ ’ਤੇ ਜਾ ਕੇ ਦੁੱਖ ਸਾਂਝਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਕਾਲੀ ਦਲ ਦੇ ਵਫ਼ਦ ’ਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ ਅਤੇ ਹਰਮੀਤ ਸਿੰਘ ਕਾਲਕਾ ਸ਼ਾਮਲ ਸਨ। ਬੀਬੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੰਤਰੀ ਦੇ ਪੁੱਤਰ ਅਸ਼ੀਸ਼ ਨੇ ਉਸ ਵੇਲੇ ਕਿਸਾਨਾਂ ਨੂੰ ਦਰੜਿਆ, ਜਦੋਂ ਉਨ੍ਹਾਂ ਦੀ ਪਿੱਠ ਉਸ ਦੀ ਗੱਡੀ ਵੱਲ ਸੀ।
ਇਹ ਵੀ ਪੜ੍ਹੋ : ਸਿੱਧੂ ਨੇ ਲਖੀਮਪੁਰ ਖੀਰੀ ’ਚ ਸ਼ੁਰੂ ਕੀਤਾ ‘ਮੌਨ ਵਰਤ ਤੇ ਭੁੱਖ ਹੜਤਾਲ’
ਉਨ੍ਹਾਂ ਕਿਹਾ ਕਿ ਅਸ਼ੀਸ਼ ਨੇ ਅਜਿਹਾ ਬਦਲਾਖੋਰੀ ਦੀ ਭਾਵਨਾ ਨਾਲ ਕੀਤਾ ਕਿਉਂਕਿ ਉਸ ਦੇ ਪਿਓ ਅਜੇ ਮਿਸ਼ਰਾ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕੋਈ ਰੋਸ ਪ੍ਰਦਰਸ਼ਨ ਨਾ ਕਰਨ, ਨਹੀਂ ਤਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਂਦਰ ਸਰਕਾਰ ਜਾਂ ਉੱਤਰ ਪ੍ਰਦੇਸ਼ ਸਰਕਾਰ ਇਸ ਘਿਨੌਣੇ ਕੇਸ ’ਚ ਕੋਈ ਕਾਰਵਾਈ ਨਹੀਂ ਕਰ ਰਹੀ, ਹਾਲਾਂਕਿ ਕੇਸ ’ਚ ਸਪੱਸ਼ਟ ਸਬੂਤ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਅਸ਼ੀਸ਼ ਮਿਸ਼ਰਾ ਦੀ ਗੱਡੀ ਦੀ ਵੀਡੀਓ ਫੁਟੇਜ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚਸ਼ਮਦੀਦ ਗਵਾਹ ਮੌਜੂਦ ਹਨ, ਜਿਨ੍ਹਾਂ ਨੇ ਕਿਸਾਨਾਂ ਨੂੰ ਦਰੜਨ ਤੋਂ ਬਾਅਦ ਅਸ਼ੀਸ਼ ਮਿਸ਼ਰਾ ਨੂੰ ਭੱਜਦਿਆਂ ਵੇਖਿਆ। ਉਸ ਨੂੰ ਤੁਰੰਤ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਬਾਦਲ ਨੇ ਕਿਹਾ ਕਿ ਇਸੇ ਤਰੀਕੇ ਇਕ ਹੋਰ ਵੀਡੀਓ ਫੁਟੇਜ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰ ਦੀ ਸਾਹਮਣੇ ਆਈ ਹੈ, ਜਿਸ ਵਿਚ ਉਹ ਕਿਸਾਨਾਂ ਨੂੰ ਧਮਕਾ ਰਹੇ ਹਨ ਤੇ ਉਨ੍ਹਾਂ ਖ਼ਿਲਾਫ ਹਿੰਸਾ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਕੇਂਦਰੀ ਵਜ਼ਾਰਤ ’ਚ ਬਣਾਈ ਰੱਖਣਾ ਗ਼ਲਤ ਹੈ ਤੇ ਕੇਂਦਰ ਸਰਕਾਰ ਨੂੰ ਤੁਰੰਤ ਉਸ ਦੇ ਖ਼ਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੌਰਾਨ ਅਕਾਲੀ ਦਲ ਦੇ ਵਫਦ ਨੇ ਉਨ੍ਹਾਂ ਚਾਰ ਕਿਸਾਨਾਂ ਤੇ ਪੱਤਰਕਾਰ ਦੀ ਰਿਹਾਇਸ਼ ’ਤੇ ਦੁੱਖ ਸਾਂਝਾ ਕੀਤਾ, ਜਿਨ੍ਹਾਂ ਨੂੰ ਭਾਜਪਾ ਦੇ ਮੰਤਰੀ ਦੇ ਪੁੱਤਰ ਨੇ ਆਪਣੀ ਗੱਡੀ ਹੇਠ ਕੁਚਲ ਦਿੱਤਾ ਸੀ। ਵਫਦ ਨੇ ਚੌਖਰਾ ਪਿੰਡ ’ਚ ਲਵਪ੍ਰੀਤ ਸਿੰਘ, ਨਾਮਧਾਰਪੁਰ ’ਚ ਨਛੱਤਰ ਸਿੰਘ, ਵਣਜਾਰਨ ਟਾਪਾ ’ਚ ਦਲਜੀਤ ਸਿੰਘ, ਮੋਹਰਨੀਆ ਵਿਚ ਗੁਰਵਿੰਦਰ ਸਿੰਘ ਤੇ ਨਿਗਾਸਨ ਪਿੰਡ ’ਚ ਪੱਤਰਕਾਰ ਰਮਨ ਕਸ਼ਯਪ ਦੀ ਰਿਹਾਇਸ਼ ’ਤੇ ਜਾ ਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰ ਪੀੜਤ ਪਰਿਵਾਰ ਨੂੰ 5-5 ਲੱਖ ਰੁਪਏ ਦਾ ਚੈੱਕ ਸੌਂਪਿਆ ਤੇ ਭਰੋਸਾ ਦੁਆਇਆ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਮੰਤਰੀਆਂ ਸਮੇਤ ਪਹੁੰਚੇ ਲਖੀਮਪੁਰ ਖੀਰੀ, ਪੀੜਤ ਕਿਸਾਨ ਪਰਿਵਾਰਾਂ ਨਾਲ ਵੰਡਾਇਆ ਦੁੱਖ
ਪੀੜਤ ਪਰਿਵਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਿਆਂਦਾ ‘ਪ੍ਰਸ਼ਾਦ’ ਤੇ ‘ਸਿਰੋਪਾਓ’ ਵੀ ਭੇਟ ਕੀਤਾ ਗਿਆ। ਇਸ ਮੌਕੇ ਬੀਬੀ ਜਗੀਰ ਕੌਰ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ‘ਅਰਦਾਸ’ ਵੀ ਕੀਤੀ। ਇਸ ਮੌਕੇ ਪੀੜਤ ਪਰਿਵਾਰਾਂ ਦੇ ਘਰਾਂ ਵਿਚ ਭਾਵੁਕ ਦ੍ਰਿਸ਼ ਵੇਖਣ ਨੂੰ ਮਿਲੇ। ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼ਾਂਤੀਪੂਰਨ ਰੋਸ ਮਾਰਚ ਮੁਕੰਮਲ ਕਰ ਕੇ ਘਰਾਂ ਨੂੰ ਪਰਤ ਰਹੇ ਨਿਰਦੋਸ਼ ਕਿਸਾਨਾਂ ਨੂੰ ਇਸ ਤਰੀਕੇ ਦਰੜ ਦਿੱਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਹਾਲੇ ਤੱਕ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ। ਦੋਸ਼ੀ ਸਥਾਨਕ ਸਨ, ਜਿਨ੍ਹਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ ਪਰ ਹਾਲੇ ਤੱਕ ਉਹ ਗ੍ਰਿਫਤਾਰ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੁਲਸ ਨੇ ਅਸ਼ੀਸ਼ ਨੂੰ ਫਰਾਰ ਹੋਣ ਲਈ ਖੁੱਲ੍ਹਾ ਸਮਾਂ ਦਿੱਤਾ ਤੇ ਭਾਜਪਾ ਦੇ ਮੰਤਰੀ ਦਾ ਪੁੱਤਰ ਨੇਪਾਲ ਭੱਜ ਗਿਆ ਹੈ। ਇਸ ਮੌਕੇ ਘਰਾਂ ’ਚ ਮੌਜੂਦ ਪੰਜਾਬੀਆਂ ਨੇ ਦੱਸਿਆ ਕਿ ਅਸ਼ੀਸ਼ ਇਕ ਗੁੰਡਾ ਹੈ, ਜਿਸਨੂੰ ਕਿਸਾਨਾਂ ਵੱਲੋਂ ਕੀਤੇ ਸ਼ਾਂਤੀਪੂਰਨ ਰੋਸ ਮਾਰਚ ਕਾਰਨ ਗੁੱਸਾ ਆ ਗਿਆ ਤੇ ਉਸ ਨੇ ਬਦਲਾਖੋਰੀ ਦੀ ਭਾਵਨਾ ਨਾਲ ਇਹ ਸਭ ਕੁਝ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਤਲ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ। ਅਸ਼ੀਸ਼ ਨੇ ਗੁੰਡਿਆਂ ਦੇ ਨਾਲ-ਨਾਲ ਹਥਿਆਰ ਵੀ ਇਕੱਠੇ ਕੀਤੇ ਤੇ ਫਿਰ ਕਿਸਾਨਾਂ ਦਾ ਕਤਲ ਕੀਤਾ।
ਸਿੱਧੂ ਨੇ ਲਖੀਮਪੁਰ ਖੀਰੀ ’ਚ ਸ਼ੁਰੂ ਕੀਤਾ ‘ਮੌਨ ਵਰਤ ਤੇ ਭੁੱਖ ਹੜਤਾਲ’
NEXT STORY