ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਦੀ ਸਿਆਸਤ ਵਿਚ ਪਟੜੀ ਤੋਂ ਉਤਰ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਨਵੀਂ ਰਣਨੀਤੀ ਬਣਾਉਣ ਵਿਚ ਲੱਗੇ ਹੋਏ ਹਨ। ਇਸ ਦੇ ਚੱਲਦੇ ਪਾਰਟੀ ਹੁਣ ਤੋਂ ਹੀ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਚੋਣ ਕਰਨਾ ਚਾਹੁੰਦੀ ਹੈ ਤਾਂ ਜੋ ਉਮੀਦਵਾਰਾਂ ਨੂੰ ਆਪਣੇ ਪ੍ਰਚਾਰ ਦਾ ਪੂਰਾ ਮੌਕਾ ਮਿਲ ਸਕੇ। ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੀ ਚਰਚਾ ਦਰਮਿਆਨ ਅਕਾਲੀ ਦਲ ਨੇ ਵੀ ਅਜਿਹੇ ਲੋਕ ਸਭਾ ਹਲਕਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ’ਤੇ ਇਸ ਦੇ ਉਮੀਦਵਾਰਾਂ ਦਾ ਚੋਣ ਲੜਨਾ ਤੈਅ ਹੈ। ਮੰਨਿਆ ਜਾ ਰਿਹਾ ਹੈ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਨਵੇਂ ਸਮਝੌਤੇ ਤਹਿਤ ਅਕਾਲੀ ਦਲ ਦੇ ਹਿੱਸੇ ਹੁਣ 10 ਦੀ ਥਾਂ ਸਿਰਫ਼ 7-8 ਸੀਟਾਂ ਹੀ ਆਉਣਗੀਆਂ। ਜੇਕਰ ਗਠਜੋੜ ਹੁੰਦਾ ਹੈ ਤਾਂ ਮਾਲਵੇ ਦੀਆਂ ਦੋ ਸੀਟਾਂ ਭਾਜਪਾ ਦੇ ਕੋਟੇ ਵਿਚ ਆ ਸਕਦੀਆਂ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਬਾਦਲ ਦੇ ਮੁੜ ਉਸੇ ਹਲਕੇ ਤੋਂ ਚੋਣ ਲੜਨ ਬਾਰੇ ਵੀ ਸ਼ੰਕੇ ਵੱਧਦੇ ਜਾ ਰਹੇ ਹਨ।
ਇਹ ਵੀ ਪੜ੍ਹੋ : ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਕਿਉਂ ਜੇਲ੍ਹ ’ਚੋਂ ਬਾਹਰ ਨਹੀਂ ਆਏ ਸੁਖਪਾਲ ਖਹਿਰਾ
ਪਿਛਲੇ ਇਕ ਸਾਲ ਦੌਰਾਨ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਦੌਰੇ ਨਾਮਾਤਰ ਹੀ ਰਹੇ ਹਨ। ਸਮਝਿਆ ਜਾਂਦਾ ਹੈ ਕਿ ਉਹ ਖੁਦ ਚੋਣ ਲੜਨ ਦੀ ਬਜਾਏ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ’ਤੇ ਧਿਆਨ ਦੇਣਗੇ। ਸੂਬੇ ਦੀ ਸਿਆਸਤ ਵਿਚ ਹਾਸ਼ੀਏ ’ਤੇ ਚਲੇ ਗਏ ਅਕਾਲੀ ਦਲ ਦੇ ਪ੍ਰਧਾਨ ਲਈ ਚੋਣ ਲੜਨ ਨਾਲੋਂ ਆਪਣੇ ਕੇਡਰ ਨੂੰ ਮਜ਼ਬੂਤ ਕਰਨਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਪਹਿਲਾਂ ਵਾਂਗ ਹੁਣ ਸੁਖਬੀਰ ਬਾਦਲ ਸਿਰਫ਼ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣ ਲੜਨਗੇ। ਫਿਲਹਾਲ ਸੁਖਬੀਰ ਦਾ ਸਾਰਾ ਧਿਆਨ ਅਕਾਲੀ ਦਲ ਨੂੰ ਮਜ਼ਬੂਤ ਕਰਨ ’ਤੇ ਲੱਗਾ ਹੋਇਆ ਹੈ। ਪੰਜਾਬ ਵਿਚ ਅਕਾਲੀ ਦਲ ਦੀ ਹਮੇਸ਼ਾ ਹੀ ਮਜ਼ਬੂਤ ਪੈਠ ਰਹੀ ਹੈ ਅਤੇ ਉਹ ਇਸ ਸਮਰਥਨ ਆਧਾਰ ਨੂੰ ਮੁੜ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਲਵਾ ਅਤੇ ਮਾਝਾ ਇਸ ਦੇ ਗੜ੍ਹ ਰਹੇ ਹਨ ਪਰ ਪਿਛਲੀਆਂ 2 ਵਿਧਾਨ ਸਭਾ ਚੋਣਾਂ ਵਿਚ ਵੋਟ ਬੈਂਕ ਖਿੱਲਰ ਚੁੱਕਾ ਹੈ। ਸੁਖਬੀਰ ਬਾਦਲ ਇਹ ਵੀ ਜਾਣਦੇ ਹਨ ਕਿ ਸੂਬੇ ਦੀ ਸਿਆਸਤ ਵਿਚ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਅਕਾਲੀ ਦਲ ਨੂੰ ਕਿਸੇ ਵੀ ਤਰੀਕੇ ਆਪਣਾ ਵੋਟ ਬੈਂਕ ਵਾਪਸ ਲਿਆਉਣਾ ਪਵੇਗਾ।
ਇਹ ਵੀ ਪੜ੍ਹੋ : ਫਿਰ ਐਕਸ਼ਨ ਮੋਡ ’ਚ ਨਵਜੋਤ ਸਿੰਘ ਸਿੱਧੂ, ਕੀਤਾ ਵੱਡਾ ਐਲਾਨ
ਇਸ ਸੰਦਰਭ ਵਿਚ ਉਨ੍ਹਾਂ ਨੇ ਪਿਛਲੇ ਮਹੀਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੇਅਦਬੀ ਮਾਮਲੇ ਵਿਚ ਮੁਆਫ਼ੀ ਮੰਗੀ ਸੀ। ਉਸ ਦਿਨ ਉਨ੍ਹਾਂ ਕਿਸੇ ਕਾਰਣ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਨੂੰ ਪਾਰਟੀ ਵਿਚ ਵਾਪਸ ਆਉਣ ਦੀ ਭਾਵੁਕ ਅਪੀਲ ਵੀ ਕੀਤੀ ਸੀ। ਇਸ ਅਪੀਲ ਦਾ ਅਸਰ ਅਗਲੇ ਦਿਨਾਂ ਵਿਚ ਵੀ ਦੇਖਣ ਨੂੰ ਮਿਲੇਗਾ ਅਤੇ ਜੇਕਰ ਅਕਾਲੀ ਦਲ ਛੱਡ ਚੁੱਕੇ ਆਗੂ ਵਾਪਸ ਪਾਰਟੀ ’ਚ ਆਉਂਦੇ ਹਨ ਤਾਂ ਕੇਡਰ ਵੀ ਮੁੜ ਜੁੜਨ ਲੱਗੇਗਾ। ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਪਹਿਲੀ ਵਾਰ ਚੋਣਾਂ ਦੀ ਸਾਰੀ ਜ਼ਿੰਮੇਵਾਰੀ ਸੁਖਬੀਰ ਦੇ ਮੋਢਿਆਂ ’ਤੇ ਹੋਵੇਗੀ। ਹੁਣ ਤੱਕ ਉਨ੍ਹਾਂ ਨੂੰ ਉਮੀਦਵਾਰਾਂ ਦੀ ਚੋਣ ਅਤੇ ਉਨ੍ਹਾਂ ਦੇ ਪ੍ਰਚਾਰ ਆਦਿ ਵਿਚ ਸੀਨੀਅਰ ਬਾਦਲ ਦਾ ਸਹਿਯੋਗ ਅਤੇ ਸਮਰਥਨ ਪ੍ਰਾਪਤ ਹੁੰਦਾ ਸੀ। ਅਜਿਹੇ ਵਿਚ ਉਨ੍ਹਾਂ ਲਈ ਖੁਦ ਨੂੰ ਸਾਬਿਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਉਮੀਦਵਾਰਾਂ ਦੀ ਸਹੀ ਚੋਣ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣਾ ਉਨ੍ਹਾਂ ਨੂੰ ਅਤੇ ਅਕਾਲੀ ਦਲ ਨੂੰ ਪੰਜਾਬ ਦੀ ਰਾਜਨੀਤੀ ਵਿਚ ਵਾਪਸ ਲਿਆਉਣ ਲਈ ਕਾਰਗਰ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ : ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਅਕਾਲ ਚਲਾਣਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਰੈਂਸ ਬਿਸ਼ਨੋਈ ਗਿਰੋਹ ’ਤੇ NIA ਦਾ ਐਕਸ਼ਨ ; ਪੰਜਾਬ ਸਮੇਤ 3 ਸੂਬਿਆਂ ’ਚ 4 ਜਾਇਦਾਦਾਂ ਜ਼ਬਤ
NEXT STORY