ਚੰਡੀਗੜ੍ਹ (ਵੈੱਬ ਡੈਸਕ): ਤਰਨਤਾਰਨ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 12 ਹਜ਼ਾਰ ਵੋਟਾਂ ਨਾਲ ਜੇਤੂ ਰਹੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੂਜੇ ਅਤੇ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ ਰਹੇ ਹਨ। ਇਨ੍ਹਾਂ ਨਤੀਜਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਦਾਅਵਾ ਕੀਤਾ ਹੈ ਕਿ ਮਨਦੀਪ ਸਿੰਘ ਨੂੰ ਏਜੰਸੀਆਂ ਦੇ ਇਸ਼ਾਰੇ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਹੀ ਚੋਣ ਲੜਾਈ ਗਈ ਸੀ।
ਚੋਣ ਨਤੀਜਿਆਂ ਬਾਰੇ ਗੱਲ ਕਰਦਿਆਂ ਅਰਸ਼ਦੀਪ ਕਲੇਰ ਨੇ ਕਿਹਾ ਕਿ ਲੋਕਾਂ ਦੀ ਕਚਹਿਰੀ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੈ ਤੇ ਲੋਕਾਂ ਨੇ 2027 ਦੀਆਂ ਚੋਣਾਂ ਲਈ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਤੋਂ ਵੱਡਾ ਪੰਥਕ ਹਲਕਾ ਹੋਰ ਕੋਈ ਨਹੀਂ ਹੈ ਤੇ ਇਸ ਪੰਥਕ ਹਲਕੇ ਨੇ ਉਨ੍ਹਾਂ ਧਿਰਾਂ ਨੂੰ ਵੀ ਜਵਾਬ ਦੇ ਦਿੱਤਾ ਹੈ, ਜਿਹੜੀਆਂ ਧਿਰਾਂ ਦਾ ਚੋਣ ਲੜਣ ਦਾ ਮਕਸਦ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ। ਲੋਕਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਥ ਦੀ ਕਚਹਿਰੀ ਦੇ ਵਿਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਪ੍ਰਵਾਨ ਹੈ।
ਅਰਸ਼ਦੀਪ ਕਲੇਰ ਨੇ ਕਿਹਾ ਕਿ ਮਨਦੀਪ ਸਿੰਘ ਨੇ ਆਪ ਮੰਨਿਆ ਹੈ ਕਿ ਜੇ ਉਹ ਚੋਣ ਨਾ ਲੜਦੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਜਾਣਾ ਸੀ। ਇਸ ਗੱਲ ਤੋਂ ਸਪਸ਼ਟ ਹੈ ਕਿ ਇਹ ਧਿਰਾਂ ਏਜੰਸੀਆਂ ਦੇ ਇਸ਼ਾਰੇ 'ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਹੀ ਚੋਣ ਲੜਦੀਆਂ ਹਨ। ਉਨ੍ਹਾਂ ਕਿਹਾ ਕਿ ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਬਰਨਾਲਾ ਵਿਚ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਨੁਮਤੀ ਨਾ ਮਿਲਣ ਕਾਰਨ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਨ੍ਹਾਂ ਧਿਰਾਂ ਨੇ ਵੀ ਆਪਣਾ ਉਮਦੀਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਤੇ ਲੀਡਰਾਂ ਦਾ ਧੰਨਵਾਦ ਵੀ ਕੀਤਾ।
ਤਰਨਤਾਰਨ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ CM ਮਾਨ ਦਾ ਵੱਡਾ ਐਲਾਨ
NEXT STORY