ਲੁਧਿਆਣਾ(ਸੇਠੀ)-ਸ਼ਰਾਬ ਦੇ ਠੇਕਿਆਂ ਦਾ ਡ੍ਰਾਅ ਕੱਢੇ ਨੂੰ ਇਕ ਮਹੀਨੇ ਦੇ ਲਗਭਗ ਸਮਾਂ ਹੋਣ ਵਾਲਾ ਹੈ ਪਰ ਠੇਕੇਦਾਰਾਂ ਨੂੰ ਸ਼ਰਾਬ ਦੀ ਸਪਲਾਈ ਨਾ ਹੋਣ ਕਾਰਨ ਠੇਕੇਦਾਰ ਦੁਚਿੱਤੀ ਵਿਚ ਹਨ, ਕਿਉਂਕਿ ਦੁਕਾਨਾਂ, ਕਰਿੰਦਿਆਂ, ਸਰਕਾਰੀ ਲਾਇਸੈਂਸ ਫੀਸ ਅਤੇ ਹੋਰ ਖਰਚੇ ਤਾਂ ਉਨ੍ਹਾਂ ਨੂੰ ਅਦਾ ਕਰਨੇ ਹੀ ਪੈਣਗੇ। ਇਹ ਸਾਰੀ ਗਲਤੀ ਆਬਕਾਰੀ ਦੇ ਕਰ ਵਿਭਾਗ ਦੀ ਹੈ, ਜੋ ਹਰ ਸਾਲ ਨਵੇਂ ਲੇਬਲ ਪਾਸ ਕਰਨ ਵਿਚ ਜ਼ਿਆਦਾ ਸਮਾਂ ਲਾਉਂਦਾ ਹੈ, ਕਿਉਂਕਿ ਲੇਬਲ ਪਾਸ ਹੋਣ ਤੋਂ ਬਾਅਦ ਹੀ ਕੰਪਨੀਆਂ ਉਸੇ ਬ੍ਰਾਂਡ ਦਾ ਨਿਰਮਾਣ ਸ਼ੁਰੂ ਕਰਦੀਆਂ ਹਨ, ਜਿਸ ਵਿਚ ਸਮਾਂ ਲਗਦਾ ਹੈ ਅਤੇ ਉਹੀ ਸ਼ਰਾਬ ਸੂਬੇ ਭਰ ਦੇ ਠੇਕੇਦਾਰਾਂ ਨੇ ਚੁੱਕਣੀ ਹੁੰਦੀ ਹੈ। 27 ਦਿਨ ਬਾਅਦ ਵੀ ਠੇਕੇ ਖਾਲੀ ਨਜ਼ਰ ਆ ਰਹੇ ਹਨ, ਜਿਨ੍ਹਾਂ ਠੇਕੇਦਾਰਾਂ ਕੋਲ ਪੁਰਾਣਾ ਸਟਾਕ ਹੈ, ਉਹ ਤਾਂ ਕਾਰੋਬਾਰ ਕਰ ਰਹੇ ਹਨ ਪਰ ਇਸ ਵਾਰ ਜ਼ਿਆਦਾਤਰ ਨਵੇਂ ਖਿਡਾਰੀ ਇਸ ਕਾਰੋਬਾਰ ਵਿਚ ਸ਼ਾਮਲ ਹੋਏ ਹਨ, ਜਿਨ੍ਹਾਂ ਨੂੰ ਇਹ ਨੁਕਸਾਨ ਭਾਰੀ ਲੱਗ ਰਿਹਾ ਹੈ।
20 ਫੀਸਦੀ ਲੇਬਲ ਮਨਜ਼ੂਰ ਹੋਣੇ ਅਜੇ ਵੀ ਬਾਕੀ
ਠੇਕੇਦਾਰ ਵਰਿੰਦਰ ਸ਼ਰਮਾ ਮੁਤਾਬਕ 20 ਫੀਸਦੀ ਲੇਬਲ ਮਨਜ਼ੂਰੀ ਲਈ ਅਜੇ ਰਹਿੰਦੇ ਹਨ, ਜਿਨ੍ਹਾਂ ਨੂੰ ਵਿਭਾਗ ਨੂੰ ਫੌਰਨ ਪਾਸ ਕਰਨਾ ਚਾਹੀਦਾ ਹੈ, ਕਿਉਂਕਿ ਉਹ ਬ੍ਰਾਂਡ ਵਿਕਣ ਵਾਲੇ ਹਨ। ਥੋੜ੍ਹਾ ਬਹੁਤ ਪੁਰਾਣਾ ਸਟਾਕ ਹੋਣ ਕਾਰਨ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ ਪਰ ਨਵਾਂ ਸਟਾਕ ਆਉਣ 'ਤੇ ਹੀ ਗੱਡੀ ਪੱਟੜੀ 'ਤੇ ਆਵੇਗੀ।
ਕੰਪਨੀਆਂ ਵੱਲੋਂ ਲੇਬਲ ਲੇਟ ਅਪਲਾਈ ਕਰਨ ਨਾਲ ਹੋਈ ਹੈ ਦੇਰ
ਆਬਕਾਰੀ ਦੇ ਕਰ ਵਿਭਾਗ ਦੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਪਵਨ ਗਰਗ ਮੁਤਾਬਕ ਕੰਪਨੀਆਂ ਨੇ ਲੇਬਲ ਲੇਟ ਅਪਲਾਈ ਕੀਤਾ ਹੈ, ਨਹੀਂ ਤਾਂ ਵਿਭਾਗ ਨੇ ਉਨ੍ਹਾਂ ਨੂੰ ਫੌਰਨ ਪਾਸ ਕਰਨ ਦਾ ਕੰਮ ਕੀਤਾ ਹੈ ਤਾਂ ਕਿ ਕਿਸੇ ਵੀ ਠੇਕੇਦਾਰ ਨੂੰ ਪ੍ਰੇਸ਼ਾਨੀ ਨਾ ਹੋਵੇ। ਗਰਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਕੁੱਝ ਪੁਰਾਣਾ ਸਟਾਕ ਪਿਆ ਹੈ, ਠੇਕੇਦਾਰ ਉਹ ਵੀ ਲੈ ਸਕਦੇ ਹਨ।
ਲਾਇਸੈਂਸ ਫੀਸ ਜਮ੍ਹਾ ਕਰਵਾਉਣ ਵਿਚ ਵਿਭਾਗ ਸਮਾਂ ਹੱਦ ਵਧਾਵੇ
ਬਿਲਟੇਕ ਗਰੁੱਪ ਦੇ ਰਾਜੂ ਸ਼ਰਮਾ ਮੁਤਾਬਕ ਸਟਾਕ ਅਤੇ ਲੇਬਲ ਦੀ ਦੇਰੀ ਕਾਰਨ ਇਕ ਮਹੀਨਾ ਬਿਨਾਂ ਮਾਲ ਦੇ ਹੀ ਬੀਤ ਗਿਆ, ਜਿਸ ਨੂੰ ਅਸੀਂ ਵੱਡਾ ਨੁਕਸਾਨ ਮੰਨਦੇ ਹਾਂ। ਇਸ ਲਈ ਵਿਭਾਗ ਨੂੰ ਲਾਇਸੈਂਸ ਫੀਸ ਦੀ ਸਮਾਂ ਹੱਦ 15 ਦਿਨ ਵਧਾ ਦੇਣੀ ਚਾਹੀਦੀ ਹੈ। ਜਦੋਂਕਿ 30 ਅਪ੍ਰੈਲ ਨੂੰ ਪਹਿਲੀ ਲਾਇਸੈਂਸ ਫੀਸ ਜਮ੍ਹਾ ਕਰਵਾਉਣ ਦਾ ਸਮਾਂ ਰੱਖਿਆ ਗਿਆ ਹੈ।
ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਵਿਅਕਤੀ ਗ੍ਰਿਫਤਾਰ
NEXT STORY