ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਉਨ੍ਹਾਂ ਦੇ ਵਿਰੁੱਧ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਲਾਏ ਗਏ ਕਥਿਤ ਜ਼ਮੀਨ ਦੇ ਘਪਲੇ ਬਾਰੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਆਪਣੀ ਹੀ ਪਾਰਟੀ 'ਚ ਹਾਸ਼ੀਏ 'ਤੇ ਆਏ ਖਹਿਰਾ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਇਸ ਤਰ੍ਹਾਂ ਦੀ ਕੋਈ ਨਾ ਕੋਈ ਡਰਾਮੇਬਾਜ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਇਥੇ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਖਹਿਰਾ ਨੇ ਇਹ ਦਿਖਾਉਣ ਦਾ ਯਤਨ ਕੀਤਾ ਹੈ ਕਿ ਰਾਣਾ ਗੁਰਜੀਤ ਨੇ ਗਲਤ ਢੰਗ ਨਾਲ ਜ਼ਿਲਾ ਮੋਹਾਲੀ ਦੇ ਸੰਯੂਕ ਪਿੰਡ 'ਚ ਜ਼ਮੀਨ ਖਰੀਦ ਕੇ ਉਸ ਨੂੰ ਬੈਂਕ ਕੋਲ ਗਿਰਵੀ ਰੱਖ ਕੇ 109 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਖੱਡਾਂ 'ਚ ਲਾਇਆ ਹੈ। ਇਹ ਦੋਸ਼ ਸੱਚਾਈ ਤੋਂ ਕੋਹਾਂ ਦੂਰ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਬੈਂਕ ਤੋਂ ਕੋਈ ਕਰਜ਼ਾ ਨਹੀਂ ਲਿਆ। ਉਨ੍ਹਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਸੰਚਾਲਿਤ ਫੂਡ ਗ੍ਰੇਨਜ਼ ਪ੍ਰਾ. ਲਿ. ਨੇ 3 ਸਾਲ ਪਹਿਲਾਂ ਬੈਂਕ ਤੋਂ 55 ਕਰੋੜ ਰੁਪਏ ਦਾ ਟਰਮ ਲੋਨ ਅਤੇ 40 ਕਰੋੜ ਦਾ ਵਰਕਿੰਗ ਕੈਪੀਟਲ ਲਿਆ ਸੀ, ਜੋ ਪੂਰੀ ਤਰ੍ਹਾਂ ਕਾਇਦੇ-ਕਾਨੂੰਨ ਤੇ ਨਿਯਮਾਂ ਮੁਤਾਬਿਕ ਹੈ। ਇਸ ਤੋਂ ਇਲਾਵਾ ਕੁਝ ਜ਼ਮੀਨ ਵੀ ਬਤੌਰ ਸਕਿਓਰਿਟੀ ਗਿਰਵੀ ਰੱਖੀ ਗਈ ਸੀ। ਖਹਿਰਾ ਦਾ ਇਹ ਦੋਸ਼ ਕਿ ਬੈਂਕ ਨੇ ਕਰਜ਼ੇ ਦੀ ਆਖਰੀ ਕਿਸ਼ਤ ਦਾ ਭੁਗਤਾਨ 17 ਅਪ੍ਰੈਲ 2017 ਨੂੰ ਕੀਤਾ ਸੀ, ਬਿਲਕੁਲ ਗਲਤ ਹੈ। ਜੇਕਰ ਖਹਿਰਾ ਇਹ ਸਾਬਤ ਕਰ ਦੇਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ ਜਾਂ ਫਿਰ ਖਹਿਰਾ ਰਾਜਨੀਤੀ ਤੋਂ ਸੰਨਿਆਸ ਲੈ ਲੈਣ। ਮੀਡੀਆ ਕਾਨਫਰੰਸ 'ਚ ਰਾਣਾ ਗੁਰਜੀਤ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਆਪਣੀ ਕੰਪਨੀ ਦੇ ਲੈਣ-ਦੇਣ ਨਾਲ ਸੰਬੰਧਤ ਸਾਰੇ ਦਸਤਾਵੇਜ਼ ਪੇਸ਼ ਕਰਦੇ ਹੋਏ ਕਿਹਾ ਕਿ ਇਨ੍ਹਾਂ ਤੋਂ ਸਪੱਸ਼ਟ ਹੈ ਕਿ ਬੈਂਕ ਤੋਂ ਲੋਨ ਅਤੇ ਰੇਤ ਖੱਡਾਂ ਦੇ ਮਾਮਲੇ ਦਾ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਮਸ਼ਵਰਾ ਕਰਨ ਤੋਂ ਬਾਅਦ ਖਹਿਰਾ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਰਾਣਾ ਗੁਰਜੀਤ ਨੇ ਕਿਹਾ ਕਿ ਸੰਯੂਕ ਪਿੰਡ 'ਚ ਜ਼ਮੀਨ ਉਨ੍ਹਾਂ ਦੇ ਭਰਾ ਰਾਣਾ ਰਣਜੀਤ ਸਿੰਘ ਅਤੇ ਸੁਖਜਿੰਦਰ ਕੌਰ ਨੇ ਖਰੀਦੀ ਹੈ। ਇਸ 'ਚ ਕਿਸੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੋਈ।
ਚੂਰਾ ਪੋਸਤ ਸਣੇ 2 ਔਰਤਾਂ ਕਾਬੂ
NEXT STORY