ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਸਥਿਤ ਸਾਰਾਗੜ੍ਹੀ ਸਰਾਂ ਦੀ ਕੰਟੀਨ ਦੇ ਪ੍ਰਬੰਧਾਂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੰਟੀਨ ਦੇ ਮੌਜੂਦਾ ਭਾਈਵਾਲ ਹਰਭਜਨ ਸਿੰਘ ਨੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕਮੇਟੀ ਨੇ ਉਨ੍ਹਾਂ ਨੂੰ ਭਰੋਸੇ ’ਚ ਲਏ ਬਿਨਾਂ ਹੀ ਕੰਟੀਨ ਦੀ ਨਵੀਂ ਬੋਲੀ ਕਰਵਾ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦੇ ਹੱਕਾਂ ਦਾ ਘਾਣ ਹੋਇਆ ਹੈ।
ਹਰਭਜਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਦੀ ਸੇਵਾ ਕਰ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਾਲ 2027 ਤੱਕ ਕੰਟੀਨ ਚਲਾਉਣ ਦਾ ਮਤਾ (ਨੰਬਰ 315) ਪਾ ਕੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 31 ਦਸੰਬਰ 2027 ਤੱਕ ਉਨ੍ਹਾਂ ਕੋਲ ਕਾਨੂੰਨੀ ਤੌਰ ’ਤੇ ਕੰਟੀਨ ਚਲਾਉਣ ਦਾ ਅਧਿਕਾਰ ਹੈ ਅਤੇ ਉਹ ਆਪਣੀ ਸਾਰੀ ਪੇਮੈਂਟ ਵੀ ਸਮੇਂ ਸਿਰ ਜਮ੍ਹਾ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਨਵੀਂ ਬੋਲੀ ਬਾਰੇ ਚਰਚਾ ਚੱਲੀ ਸੀ ਤਾਂ ਉਨ੍ਹਾਂ ਨੇ ਲਿਖਤੀ ਤੌਰ ’ਤੇ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਉਹ ਕੰਮ ਜਾਰੀ ਰੱਖਣ ਲਈ ਤਿਆਰ ਹਨ ਅਤੇ ਜੇਕਰ ਕਮੇਟੀ ਮੁਨਾਫ਼ਾ ਵਧਾਉਣਾ ਚਾਹੁੰਦੀ ਹੈ, ਤਾਂ ਉਹ ਵਾਧੂ ਰਾਸ਼ੀ ਦੇਣ ਲਈ ਵੀ ਸਹਿਮਤ ਹਨ।
ਹਰਭਜਨ ਸਿੰਘ ਨੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਰਗੀ ਸਤਿਕਾਰਤ ਸੰਸਥਾ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਸੂਚਨਾ ਜਾਂ ਸਲਾਹ ਦੇ ਬੋਲੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਇਸ ਅਚਨਚੇਤ ਫੈਸਲੇ ਕਾਰਨ ਉਨ੍ਹਾਂ ਦੇ ਮਨ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ 2027 ਤੱਕ ਦੇ ਕਾਨੂੰਨੀ ਅਧਿਕਾਰ ਮੌਜੂਦ ਹਨ, ਇਸ ਲਈ ਉਹ ਮਾਹਿਰਾਂ ਤੋਂ ਕਾਨੂੰਨੀ ਰਾਏ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਪੁਰਾਣੇ ਸੇਵਾਦਾਰਾਂ ਨਾਲ ਬੇਇਨਸਾਫ਼ੀ ਨਾ ਹੋਵੇ।
ਪੰਜਾਬ 'ਚ 28, 29 ਤੇ 30 ਮਾਰਚ ਨੂੰ ਹਨੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ ਵਿਭਾਗ ਵੱਲੋਂ ALERT ਜਾਰੀ
NEXT STORY