ਮਾਛੀਵਾੜਾ ਸਾਹਿਬ (ਟੱਕਰ ) - ਪੰਜਾਬ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਚੱਲੀ ਆ ਰਹੀ ਗੁੱਟਬੰਦੀ ਨੇ ਕਾਂਗਰਸ ਹਾਈਕਮਾਂਡ ਨੇ ਖਤਮ ਤਾਂ ਕੀ ਕਰਨਾ ਸੀ ਹੁਣ ਇਹ ਧੜੇਬੰਦੀ ਸੂਬੇ ਤੋਂ ਬਾਅਦ ਵਿਧਾਨ ਸਭਾ ਹਲਕਿਆਂ ਵਿਚ ਵੀ ਪਹੁੰਚ ਗਈ ਹੈ। ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਲਕਾ ਸਮਰਾਲਾ ਦੌਰੇ ਤੋਂ ਬਾਅਦ ਹਲਕੇ ਵਿਚ ਕਾਂਗਰਸ ਪਾਰਟੀ ਦੋਫ਼ਾੜ ਹੁੰਦੀ ਦਿਖਾਈ ਦਿੱਤੀ। ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਉਹ ਹੁਣ ਹਲਕੇ ਤੋਂ ਪਾਰਟੀ ਦੀ ਕਮਾਂਡ ਸੰਭਾਲ ਰਹੇ ਹਨ। ਸੂਬਾ ਪੱਧਰ ’ਤੇ ਕਾਂਗਰਸ ਦੀ ਚੱਲ ਰਹੀ ਗੁੱਟਬੰਦੀ ਵਿਚ ਹਲਕਾ ਇੰਚਾਰਜ ਰਾਜਾ ਗਿੱਲ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖੜੇ ਦਿਖਾਈ ਦਿੱਤੇ ਅਤੇ ਈਸੜੂ ਕਾਨਫਰੰਸ ਵਿਚ ਉਨ੍ਹਾਂ ਵੱਡੇ-ਵੱਡੇ ਪੋਸਟਰ ਵੀ ਲਗਾਏ।
ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਈਸੜੂ ਦੀ ਸੂਬਾ ਪੱਧਰੀ ਕਾਨਫਰੰਸ ਦੌਰਾਨ ਸ਼ਾਮਲ ਨਾ ਹੋਏ ਅਤੇ ਅੱਜ ਉਹ ਹਲਕਾ ਸਮਰਾਲਾ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੂੰ ਪੰਜਾਬ ਯੂਥ ਕਾਂਗਰਸ ਦਾ ਉਪ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦੇਣ ਪਹੁੰਚੇ। ਇਸ ਮੌਕੇ ਉਨ੍ਹਾਂ ਯੂਥ ਉਪ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੂੰ ਥਾਪੜਾ ਵੀ ਦਿੱਤਾ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਦੂਸਰੇ ਪਾਸੇ ਕਰਨਵੀਰ ਸਿੰਘ ਢਿੱਲੋਂ ਨੇ ਵੀ ਆਪਣੇ ਸੰਬੋਧਨ ਵਿਚ ਹਲਕਾ ਸਮਰਾਲਾ ਤੋਂ ਟਿਕਟ ਦੀ ਦਾਅਵੇਦਾਰੀ ਠੋਕ ਦਿੱਤੀ ਅਤੇ ਕਿਹਾ ਕਿ ਉਹ ਟਕਸਾਲੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਇਸ ਲਈ ਕਾਂਗਰਸ ਹਾਈਕਮਾਂਡ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲੜਨ ਦਾ ਮੌਕਾ ਦੇਵੇ। ਪਾਰਟੀ ਪ੍ਰਧਾਨ ਰਾਜਾ ਵੜਿੰਗ ਵਲੋਂ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੂੰ ਥਾਪੜਾ ਦੇ ਕੇ ਹਲਕਾ ਸਮਰਾਲਾ ’ਚ ਚੰਨੀ ਧੜੇ ਨਾਲ ਸਬੰਧਿਤ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਸਿਆਸੀ ਤੀਰ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਹੁਣ ਹਲਕਾ ਸਮਰਾਲਾ ਵਿਚ ਕਾਂਗਰਸ ਪਾਰਟੀ ਦੀ ਟਿਕਟ ਦੇ 2 ਪ੍ਰਮੁੱਖ ਦਾਅਵੇਦਾਰ ਹਨ ਜਿਨ੍ਹਾਂ ’ਚੋਂ ਇੱਕ ਦੀ ਪਿੱਠ ਪਿੱਛੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਦੂਸਰੇ ਪਿੱਛੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੜੇ ਨਜ਼ਰ ਆਏ। ਅੱਜ ਦੇ ਸਿਆਸੀ ਸਮੀਕਰਨ ਤੋਂ ਬਾਅਦ ਹਲਕਾ ਸਮਰਾਲਾ ਵਿਚ ਕਾਂਗਰਸ ਪਾਰਟੀ ਮੁਕੰਮਲ ਤੌਰ ’ਤੇ ਦੋਫ਼ਾੜ ਨਜ਼ਰ ਆਈ ਅਤੇ ਪਾਰਟੀ ਵਰਕਰ ਵੀ ਇਸ ਗੁੱਟਬੰਦੀ ਵਿਚ ਪਿਸਦੇ ਨਜ਼ਰ ਆਏ ਕਿ ਉਹ ਰਾਜਾ ਗਿੱਲ ਦਾ ਸਾਥ ਦੇਣ ਜਾਂ 4 ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਨਾਲ ਖੜਨ। ਫਿਲਹਾਲ ਵਿਧਾਨ ਸਭਾ ਚੋਣਾਂ ਵਿਚ ਕੁਝ ਮਹੀਨੇ ਦਾ ਸਮਾਂ ਬਕਾਇਆ ਹੈ ਅਤੇ ਜੇਕਰ ਕਾਂਗਰਸ ਦੀ ਗੁੱਟਬੰਦੀ ਸੂਬਾ ਪੱਧਰ ਤੋਂ ਲੈ ਕੇ ਹਲਕਾ ਪੱਧਰ ਤੱਕ ਇਸ ਤਰ੍ਹਾਂ ਹੀ ਵਧਦੀ ਰਹੀ ਤਾਂ ਪੰਜਾਬ ਵਿਚ ਕਾਂਗਰਸ ਦਾ ਸਰਕਾਰ ਬਣਾਉਣ ਦਾ ਸੁਪਨਾ ‘ਸੁਪਨਾ’ ਬਣ ਕੇ ਹੀ ਰਹਿ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਹਾਈਕਮਾਂਡ ਤੋਂ ਟਿਕਟ ਦਿਵਾਉਣ ’ਚ ਸਫ਼ਲ ਹੁੰਦੇ ਹਨ ਜਾਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਨਵੀਰ ਸਿੰਘ ਢਿੱਲੋਂ ਨੂੰ।
ਪੰਜਾਬ : 50 ਰੁਪਏ ਦੇ ਨੋਟ ਬਦਲੇ ਔਰਤ ਨੂੰ ਮਿਲੇ 21 ਲੱਖ ਰੁਪਏ !
NEXT STORY