ਚੰਡੀਗੜ੍ਹ(ਰਮਨਜੀਤ) : ਸੁਨਾਮ ਤੋਂ 'ਆਪ' ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸ਼ਰਧਾਂਜਲੀ ਦੇਣ ਤੋਂ ਬਾਅਦ ਕੋਈ ਹੋਰ ਕੰਮ ਨਾ ਹੋਣ ਕਾਰਨ ਮਾਨਸੂਨ ਸੈਸ਼ਨ ਦੇ ਇਸ ਪਹਿਲੇ ਦਿਨ ਦਾ ਟੀ. ਏ./ਡੀ. ਏ. ਅਤੇ ਹੋਰ ਭੱਤੇ ਨਾ ਲੈਣ ਦਾ ਐਲਾਨ ਕੀਤਾ ਹੈ। 'ਆਪ' ਵਿਧਾਇਕ ਨੇ ਇਸ ਮਕਸਦ ਨਾਲ ਇਕ ਪੱਤਰ ਲਿਖ ਕੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਸੌਂਪਿਆ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਜਿਸ ਦਿਨ ਸੈਸ਼ਨ 'ਚ ਕੋਈ ਕੰਮ ਨਹੀਂ ਕੀਤਾ ਜਾਂਦਾ, ਉਸ ਦਿਨ ਦੇ ਭੱਤੇ ਲੈਣ ਲਈ ਉਨ੍ਹਾਂ ਦੀ ਆਤਮਾ ਆਗਿਆ ਨਹੀਂ ਦਿੰਦੀ।
ਮੌਜੂਦਾ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਭਾਵ 2 ਅਗਸਤ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਲਿਖਿਆ ਹੈ ਕਿ ਸ਼ਰਧਾਂਜਲੀ ਦੇਣ ਤੋਂ ਇਲਾਵਾ ਵਿਧਾਨ ਸਭਾ 'ਚ ਕੋਈ ਕੰਮ ਨਹੀਂ ਹੋਇਆ, ਇਸ ਲਈ ਮੈਂ (ਅਮਨ ਅਰੋੜਾ) ਇਸ ਦਾ ਟੀ. ਏ./ਡੀ. ਏ. ਅਤੇ ਹੋਰ ਸਹੂਲਤਾਂ ਨਹੀਂ ਲੈ ਸਕਦਾ। ਅਰੋੜਾ ਨੇ ਆਪਣੇ ਪੱਤਰ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਵਿਧਾਨ ਸਭਾ ਦੇ ਰਿਕਾਰਡ 'ਚ ਮੌਜੂਦ 1948 ਤੋਂ ਬਾਅਦ ਦੇ ਅੰਕੜਿਆਂ ਨੂੰ ਪਰਖਣ ਤੋਂ ਬਾਅਦ ਪਤਾ ਲੱਗਾ ਹੈ ਕਿ 1948 ਤੋਂ 1979 ਦੇ ਦੌਰਾਨ ਪੰਜਾਬ ਵਿਧਾਨ ਸਭਾ 'ਚ ਅਸਲੀਅਤ 'ਚ ਕੰਮ ਨੂੰ ਪਹਿਲ ਦਿੱਤੀ ਜਾਂਦੀ ਸੀ ਅਤੇ ਇਹੀ ਕਾਰਨ ਸੀ ਕਿ ਇਸ ਦੌਰਾਨ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਵੀ ਵਿਧਾਨ ਸਭਾ 'ਚ ਕੰਮ ਕੀਤਾ ਜਾਂਦਾ ਸੀ ਪਰ ਇਸ ਚੰਗੀ ਪ੍ਰੰਪਰਾ ਨੂੰ ਹੌਲੀ-ਹੌਲੀ ਖਤਮ ਕਰ ਦਿੱਤਾ ਗਿਆ। ਉਨ੍ਹਾਂ ਸਪੀਕਰ ਨੂੰ ਅਪੀਲ ਕੀਤੀ ਕਿ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਕੰਮ ਕੀਤੇ ਜਾਣ ਦੀ ਪ੍ਰੰਪਰਾ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ।
ਅਰੋੜਾ ਨੇ ਆਪਣੇ ਪੱਤਰ 'ਚ ਲਿਖਿਆ ਕਿ ਕੈ. ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਕ ਦਿਨ ਦੇ ਸੈਸ਼ਨ 'ਤੇ 70 ਲੱਖ ਰੁਪਏ ਦਾ ਬੋਝ ਸਰਕਾਰੀ ਖਜ਼ਾਨੇ 'ਤੇ ਪੈਂਦਾ ਹੈ, ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਅਤੇ ਸਪੀਕਰ ਇੰਨੇ ਗੈਰ-ਗੰਭੀਰ ਹੋ ਗਏ ਹਨ ਕਿ ਉਹ ਲੋਕਾਂ ਦੇ 70 ਲੱਖ ਰੁਪਏ ਸੈਸ਼ਨ ਦੇ 14 ਮਿੰਟਾਂ ਲਈ ਬਰਬਾਦ ਕਰ ਦੇਣਗੇ, ਜਦੋਂ ਕਿ ਇਸ ਸ਼ਰਧਾਂਜਲੀ ਸੈਸ਼ਨ ਤੋਂ ਬਾਅਦ ਇਕ ਛੋਟੀ ਬ੍ਰੇਕ ਲੈਣ ਤੋਂ ਬਾਅਦ ਜਨਤਾ ਦੇ ਮੁੱਦਿਆਂ 'ਤੇ ਬਹਿਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ 'ਤੇ 2.5 ਲੱਖ ਕਰੋੜ ਦੇ ਕਰਜ਼ੇ ਹਨ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨਾਂ ਲਈ ਕੋਈ ਨੌਕਰੀਆਂ ਨਹੀਂ ਹਨ। ਉਦਯੋਗ ਲੜਖ਼ੜਾ ਰਹੇ ਹਨ, ਮੁਲਾਜ਼ਮ ਧਰਨੇ ਦੇ ਰਹੇ ਹਨ ਅਤੇ ਮਾਫੀਆ ਜੋਸ਼ੀਲਾ ਹੈ। ਇਨ੍ਹਾਂ ਸਾਰੇ ਹਾਲਾਤ ਦੀ ਹਾਜ਼ਰੀ 'ਚ ਸਰਕਾਰ ਦਾ ਗੈਰ-ਗੰਭੀਰਤਾ ਵਾਲਾ ਵਤੀਰਾ ਸਭ ਦੇ ਸਾਹਮਣੇ ਆਇਆ ਹੈ। ਰਾਜ ਦੀ ਵਿੱਤੀ ਸਿਹਤ ਨੂੰ ਅਣਡਿੱਠਾ ਕੀਤਾ ਗਿਆ ਹੈ। ਸਰਕਾਰ ਅਤੇ ਸਪੀਕਰ ਨੂੰ ਚੇਤਾਉਂਦਿਆਂ ਅਰੋੜਾ ਨੇ ਰਾਜ ਦੇ ਖਜ਼ਾਨੇ ਪ੍ਰਤੀ ਗੰਭੀਰ ਰਹਿਣ ਦੀ ਗੱਲ ਕਹੀ ਅਤੇ ਭਵਿੱਖ 'ਚ ਸ਼ਰਧਾਂਜਲੀ ਸੈਸ਼ਨ ਤੋਂ ਬਾਅਦ ਉਸੇ ਦਿਨ ਵਿਧਾਨ ਸਭਾ ਦਾ ਕੰਮ ਕੀਤੇ ਜਾਣ ਦੀ ਮੰਗ ਵੀ ਕੀਤੀ।
ਅਮਰਨਾਥ ਯਾਤਰਾ ਤੋਂ ਵਾਪਸੀ ਦੇ ਹੁਕਮਾਂ ਨਾਲ 'ਪੰਡਤ' ਵੀ ਛੱਡਣਗੇ ਗੁਫਾ
NEXT STORY