ਜਲੰਧਰ (ਵਰੁਣ)— ਸ਼ਹਿਰ ਵਿਚ ਆਪਣਾ ਨਾਂ ਬਣਾਉਣ ਲਈ ਸ਼ਰੇਆਮ ਗੁੰਡਾਗਰਦੀ ਕਰਨ ਵਾਲੇ ਫਤਿਹ ਗੈਂਗ ਦੇ ਮੁਖੀ ਗਿਆਨੀ ਉਰਫ਼ ਫਤਿਹ ਸਮੇਤ ਅਮਨ ਅਤੇ ਰੌਕੀ ਨੂੰ ਸੀ. ਆਈ. ਏ. ਸਟਾਫ਼-1 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਲੰਮੇ ਸਮੇਂ ਤੋਂ ਇਨ੍ਹਾਂ ਦੀ ਭਾਲ ਵਿਚ ਲੱਗੀ ਹੋਈ ਸੀ। ਇਹ ਮੁਲਜ਼ਮ ਸ਼ਹਿਰ ਵਿਚ ਵਾਰਦਾਤ ਕਰਨ ਤੋਂ ਬਾਅਦ ਫ਼ਰਾਰ ਹੋ ਜਾਂਦੇ ਸਨ, ਜਿਹੜੇ ਕਿ ਪੁਲਸ ਲਈ ਸਿਰਦਰਦ ਬਣ ਚੁੱਕੇ ਸਨ। ਅਮਨ ਉਰਫ਼ ਅਮਨਾ, ਫਤਿਹ ਅਤੇ ਰੌਕੀ ਕੋਲੋਂ ਪੁਲਸ ਨੇ ਬ੍ਰੇਜ਼ਾ ਅਤੇ ਇਨੋਵਾ ਗੱਡੀਆਂ, 3 ਹਥਿਆਰ ਅਤੇ ਗੋਲ਼ੀਆਂ ਬਰਾਮਦ ਕੀਤੀਆਂ ਹਨ। ਫਤਿਹ ਗੈਂਗ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼, ਕਿਡਨੈਪਿੰਗ, ਗੋਲ਼ੀਆਂ ਚਲਾਉਣ, ਲੁੱਟਖੋਹ, ਜੂਆ ਲੁੱਟਣ, ਕੁੱਟਮਾਰ ਅਤੇ ਧਮਕਾਉਣ ਦੇ ਦਰਜਨ ਦੇ ਲਗਭਗ ਕੇਸ ਦਰਜ ਹਨ, ਜਿਨ੍ਹਾਂ ਵਿਚ ਉਹ ਫ਼ਰਾਰ ਚੱਲ ਰਹੇ ਸਨ। ਰੌਕੀ ਪਹਿਲਾਂ ਦਲਜੀਤ ਭਾਨਾ ਗੈਂਗ ਦਾ ਮੈਂਬਰ ਹੁੰਦਾ ਸੀ ਪਰ ਹੁਣ ਫਤਿਹ, ਅਮਨ ਗੈਂਗ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਦਾ ਇਕ ਸਾਥੀ ਸ਼ੇਰੂ ਅਜੇ ਫ਼ਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਡੀ. ਸੀ. ਪੀ. (ਇਨਵੈਸਟੀਗੇਸ਼ਨ) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਅਮਨ, ਫਤਿਹ ਅਤੇ ਉਨ੍ਹਾਂ ਦੇ ਸਾਥੀ ਕਾਫੀ ਲੰਮੇ ਸਮੇਂ ਤੋਂ ਪੁਲਸ ਨੂੰ ਲੋੜੀਂਦੇ ਸਨ। ਸੀ. ਪੀ. ਨੌਨਿਹਾਲ ਸਿੰਘ ਦੇ ਹੁਕਮਾਂ ’ਤੇ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਭਗਵੰਤ ਸਿੰਘ ਨੇ ਆਪਣੀ ਟੀਮ ਸਮੇਤ ਫਤਿਹ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਟਰੈਪ ਲਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਗੈਂਗ ਦਾ ਮੁਖੀ ਫਤਿਹ, ਅਮਨ ਉਰਫ ਅਮਨਾ ਅਤੇ ਅਨਿਲ ਉਰਫ ਰੌਕੀ ਬ੍ਰੇਜ਼ਾ ਅਤੇ ਇਨੋਵਾ ਗੱਡੀਆਂ ਵਿਚ ਸਵਾਰ ਹੋ ਕੇ ਫੋਕਲ ਪੁਆਇੰਟ ਵੱਲ ਜਾ ਰਹੇ ਹਨ। ਸੀ. ਆਈ. ਏ. ਸਟਾਫ-1 ਨੇ ਤੁਰੰਤ ਹਰਕਤ ਵਿਚ ਆਉਂਦਿਆਂ ਫੋਕਲ ਪੁਆਇੰਟ ਨੇੜੇ ਨਾਕਾਬੰਦੀ ਕਰ ਕੇ ਬ੍ਰੇਜ਼ਾ ਤੇ ਇਨੋਵਾ ਗੱਡੀਆਂ ਨੂੰ ਘੇਰ ਲਿਆ। ਅਮਨ, ਫਤਿਹ ਅਤੇ ਰੌਕੀ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਲੈਣ ’ਤੇ ਫਤਿਹ ਕੋਲੋਂ 32 ਬੋਰ ਦਾ ਪਿਸਤੌਲ ਅਤੇ 10 ਗੋਲੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ: ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਈ ਮਾਇਆਵਤੀ, ਕਾਂਗਰਸ ’ਤੇ ਬੋਲੇ ਵੱਡੇ ਹਮਲੇ
ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਫਤਿਹ, ਅਮਨ ਅਤੇ ਰੌਕੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਨਸ਼ਾ ਅਤੇ ਸ਼ਰਾਬ ਸਮੱਗਲਿੰਗ, ਕਤਲ, ਕਤਲ ਦੀ ਕੋਸ਼ਿਸ਼, ਲੁੱਟਖੋਹ, ਕਿਡਨੈਪਿੰਗ, ਜੂਆ ਲੁੱਟਣ, ਕੁੱਟਮਾਰ ਅਤੇ ਧਮਕਾਉਣ ਵਰਗੇ ਕੇਸ ਦਰਜ ਹਨ। 24 ਸਾਲਾ ਕਰਨਪ੍ਰੀਤ ਉਰਫ਼ ਗਿਆਨੀ ਉਰਫ਼ ਫਤਿਹ ਪੁੱਤਰ ਜਸਪਾਲ ਸਿੰਘ ਨਿਵਾਸੀ ਬੈਂਕ ਐਨਕਲੇਵ ਖੁਰਲਾ ਕਿੰਗਰਾ ਖ਼ਿਲਾਫ਼ 12 ਕੇਸ ਦਰਜ ਹਨ, ਜਿਨ੍ਹਾਂ ਵਿਚੋਂ ਇਕ ’ਚ ਉਹ ਬਰੀ ਹੋ ਚੁੱਕਾ ਹੈ। ਅਮਨ (23) ਉਰਫ਼ ਅਮਨਾ ਪੁੱਤਰ ਤਰਸੇਮ ਲਾਲ ਵਾਸੀ ਬਾਬਾ ਕਾਹਨਦਾਸ ਨਗਰ, ਬਸਤੀ ਬਾਵਾ ਖੇਲ ਖ਼ਿਲਾਫ਼ 5 ਅਤੇ 39 ਸਾਲ ਦੇ ਅਨਿਲ ਉਰਫ਼ ਰੌਕੀ ਪੁੱਤਰ ਧਰਮਚੰਦ ਨਿਵਾਸੀ ਕਬੀਰ ਨਗਰ, ਹਾਲ ਨਿਵਾਸੀ ਲੁਧਿਆਣਾ ਖ਼ਿਲਾਫ਼ 13 ਕੇਸ ਦਰਜ ਹੋਏ ਅਤੇ 7 ਕੇਸਾਂ ਵਿਚੋਂ ਉਹ ਬਰੀ ਹੋ ਗਿਆ। ਰੌਕੀ ਪਹਿਲਾਂ ਦਲਜੀਤ ਸਿੰਘ ਉਰਫ਼ ਭਾਨਾ ਦੇ ਗੈਂਗ ਦਾ ਮੈਂਬਰ ਸੀ। ਭਾਨਾ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਫਤਿਹ ਗੈਂਗ ਨਾਲ ਜੁੜ ਗਿਆ।
ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦਾ ਇਕ ਹੋਰ ਸਾਥੀ ਸਮਾਈਲ ਉਰਫ਼ ਸ਼ੇਰੂ ਉਰਫ਼ ਰਜਨੀਕਾਂਤ ਪੁੱਤਰ ਮੰਗਤ ਰਾਮ ਨਿਵਾਸੀ ਬਸਤੀ ਭੂਰੇ ਖਾਂ, ਪ੍ਰੀਤ ਨਗਰ ਅਜੇ ਫ਼ਰਾਰ ਹੈ। ਸ਼ੇਰੂ ਵੀ ਪੁਲਸ ਨੂੰ ਕੁਝ ਕੇਸਾਂ ਵਿਚ ਲੋੜੀਂਦਾ ਹੈ। ਸੋਮਵਾਰ ਦੀ ਰਾਤ ਨੂੰ ਸ਼ੇਰੂ ਨੇ ਗਾਂਧੀ ਕੈਂਪ ਇਲਾਕੇ ਵਿਚ ਗਾਂਧੀ ਨਾਂ ਦੇ ਵਿਅਕਤੀ ’ਤੇ ਫਾਇਰਿੰਗ ਕੀਤੀ ਸੀ।
ਗੈਂਗ ਦਾ ਨਾਂ ਬਣਾਉਣ ਲਈ ਯੂ-ਟਿਊਬ ’ਤੇ ਖੋਲ੍ਹਿਆ ਹੋਇਆ ਸੀ ਫਤਿਹ ਗੈਂਗ ਦੇ ਨਾਂ ਦਾ ਚੈਨਲ
ਖ਼ੁਦ ਨੂੰ ਗੈਂਗਸਟਰ ਦਾ ਟੈਗ ਦੇਣ ਲਈ ਅਮਨ ਅਤੇ ਫਤਿਹ ਨੇ ਯੂ-ਟਿਊਬ ’ਤੇ ਫਤਿਹ ਗੈਂਗ ਜਲੰਧਰ ਦੇ ਨਾਂ ਚੈਨਲ ਵੀ ਖੋਲ੍ਹਿਆ ਹੋਇਆ ਸੀ। ਇਸ ਚੈਨਲ ’ਤੇ ਇਹ ਲੋਕ ਗੈਂਗ ਵੱਲੋਂ ਲੋਕਾਂ ਨਾਲ ਕੀਤੀ ਕੁੱਟਮਾਰ ਦੀ ਵੀਡੀਓ ਬਣਾ ਕੇ ਪਾਉਂਦੇ ਸਨ। ਇਨ੍ਹਾਂ ਦੇ ਕਾਰਨਾਮੇ ਜਦੋਂ ਅਖਬਾਰਾਂ ਵਿਚ ਛਪਦੇ ਸਨ ਤਾਂ ਉਨ੍ਹਾਂ ਖ਼ਬਰਾਂ ਦੀਆਂ ਕਟਿੰਗਜ਼ ’ਤੇ ਵੀ ਭੜਕਾਊ ਗਾਣੇ ਲਾ ਕੇ ਉਨ੍ਹਾਂ ਨੂੰ ਵੀ ਸ਼ੇਅਰ ਕਰ ਦਿੰਦੇ ਸਨ। ਫਤਿਹ ਗੈਂਗ ਨੇ ਉਸ ਦਾ ਨਾਂ ਬਣਾਉਣ ਲਈ ਵਰਕਸ਼ਾਪ ਚੌਂਕ ਵਿਚ ਇਕ ਦੁਕਾਨਦਾਰ ਨੂੰ ਨੰਗਾ ਕਰਕੇ ਭਜਾ-ਭਜਾ ਕੇ ਕੁੱਟਿਆ ਸੀ ਅਤੇ ਉਸਦੀ ਵੀਡੀਓ ਵੀ ਆਪਣੇ ਚੈਨਲ ’ਤੇ ਪਾ ਦਿੱਤੀ ਸੀ। ਉਸ ਤੋਂ ਬਾਅਦ ਅਮਨ-ਫਤਿਹ ਆਪਣੇ ਵਿਰੋਧੀ ਨੌਜਵਾਨਾਂ ਦੇ ਹੱਥੇ ਚੜ੍ਹ ਗਏ ਅਤੇ ਫਿਰ ਦੋਵਾਂ ਨਾਲ ਵੀ ਕੁੱਟਮਾਰ ਕਰਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਹਾਲਾਂਕਿ ਇਹ ਵੀ ਚਰਚਾ ਹੈ ਕਿ ਫਤਿਹ ਗੈਂਗ ਨੇ ਮੋਹਾਲੀ ’ਚ ਗੱਡੀਆਂ ਵੀ ਲੁੱਟੀਆਂ ਸਨ ਪਰ ਇਸਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਰਹੀ। ਇਨ੍ਹਾਂ ਲੋਕਾਂ ਨੇ ਵਿਸ਼ਾਲ ਨਾਂ ਦੇ ਨੌਜਵਾਨ ਦਾ ਕਿਰਪਾਨ ਮਾਰ ਕੇ ਹੱਥ ਤੱਕ ਵੱਢ ਦਿੱਤਾ ਸੀ।
ਬੁੱਕੀਆਂ ਨੂੰ ਫੋਨ ਕਰਕੇ ਹਫ਼ਤਾ ਵੀ ਮੰਗਦੇ ਸਨ ਮੁਲਜ਼ਮ
ਅਮਨ ਅਤੇ ਫਤਿਹ ਸ਼ਹਿਰ ਦੇ ਬੁੱਕੀਆਂ ਨੂੰ ਫੋਨ ਕਰਕੇ ਉਨ੍ਹਾਂ ਕੋਲੋਂ ਹਫ਼ਤਾ ਵੀ ਮੰਗਦੇ ਸਨ। ਇਹ ਮੁਲਜ਼ਮ ਇਕ ਅਪਰਾਧਿਕ ਮਾਨਸਿਕਤਾ ਵਾਲੇ ਭੂ-ਮਾਫ਼ੀਆ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਹ ਕੰਮ ਕਰਦੇ ਸੀ। ਉਸ ਵਿਅਕਤੀ ਦਾ ਭਰਾ ਵੀ ਬੁੱਕੀ ਹੈ ਅਤੇ ਜਿਹੜਾ ਬੁੱਕੀ ਉਨ੍ਹਾਂ ਨਾਲ ਮਿਲ ਕੇ ਕੰਮ ਨਹੀਂ ਕਰਦਾ ਸੀ, ਅਮਨ-ਫਤਿਹ ਉਨ੍ਹਾਂ ਕੋਲੋਂ ਹਫ਼ਤਾ ਮੰਗਦੇ ਸਨ। ਕੁਝ ਸਮਾਂ ਪਹਿਲਾਂ ਜਦੋਂ ਫਤਿਹ ਅਤੇ ਅਮਨ ਨੇ ਬੁੱਕੀ ਨੂੰ ਹਫ਼ਤਾ ਲੈਣ ਲਈ ਪਰੇਸ਼ਾਨ ਕੀਤਾ ਤਾਂ ਪੰਚਮ ਨੇ ਫਤਿਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਫਤਿਹ ਅਤੇ ਅਮਨ ਹਥਿਆਰਾਂ ਨਾਲ ਲੈਸ ਹੋ ਕੇ ਪੰਚਮ ਦਾ ਟਾਈਮ ਪਾਉਣ ਗੁਰੂ ਨਾਨਕ ਮਿਸ਼ਨ ਚੌਂਕ ਆ ਗਏ ਸਨ ਜਦਕਿ ਉਨ੍ਹਾਂ ਪੰਚਮ ਨੂੰ ਵੀ ਬੁਲਾ ਲਿਆ। ਹਾਲਾਂਕਿ ਕਿਸੇ ਵਜ੍ਹਾ ਕਾਰਨ ਦੋਵੇਂ ਗਰੁੱਪ ਆਹਮੋ-ਸਾਹਮਣੇ ਨਹੀਂ ਹੋ ਸਕੇ, ਜਿਸ ਕਾਰਨ ਗੈਂਗਵਾਰ ਦੀ ਸਥਿਤੀ ਟਲ ਗਈ ਸੀ। ਅਮਨ-ਫਤਿਹ ਗੈਂਗ ਨੇ ਅਮਨ ਨਗਰ ਵਿਚ ਵੀ ਸ਼ਰਾਬ ਸਮੱਗਲਰ ਸੋਨੂੰ ਦੇ ਘਰ ਗੋਲ਼ੀਆਂ ਚਲਾਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਉਦੋਂ ਵੀ ਉਹ ਉਸ ਕੋਲੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸਨ। ਜਿੱਥੇ-ਜਿੱਥੇ ਗੈਂਗ ਨੂੰ ਜੂਏ ਦੀ ਬੁੱਕ ਲੱਗਣ ਦੀ ਖਬਰ ਮਿਲਦੀ, ਉਹ ਉਥੇ ਪਹੁੰਚ ਕੇ ਹਥਿਆਰਾਂ ਦੇ ਜ਼ੋਰ ’ਤੇ ਜੂਆ ਵੀ ਲੁੱਟ ਲੈਂਦੇ ਸਨ।
ਪਨਾਹ ਦੇਣ ਵਾਲਿਆਂ ’ਤੇ ਵੀ ਸ਼ਿਕੰਜਾ ਕੱਸ ਸਕਦੀ ਹੈ ਪੁਲਸ
ਅਮਨ-ਫਤਿਹ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਵਾਲੇ ਲੋਕਾਂ ’ਤੇ ਵੀ ਪੁਲਸ ਸ਼ਿਕੰਜਾ ਕੱਸ ਸਕਦੀ ਹੈ। ਅਮਨ ਦਾ ਪਿਤਾ ਵੀ ਪਹਿਲਾਂ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਸੀ, ਜਦੋਂ ਕਿ ਉਸ ਦਾ ਇਕ ਕਰੀਬੀ ਰਿਸ਼ਤੇਦਾਰ ਜਲੰਧਰ ਪੁਲਸ ਵਿਚ ਤਾਇਨਾਤ ਹੈ। ਰਿਮਾਂਡ ਲੈ ਕੇ ਪੁਲਸ ਅਮਨ, ਫਤਿਹ ਅਤੇ ਰੌਕੀ ਨੂੰ ਵੱਖ-ਵੱਖ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਵੀ ਟਰੇਸ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਬਸਪਾ ਸੁਪ੍ਰੀਮੋ ਮਾਇਆਵਤੀ ਵੱਲੋਂ ਵੱਡੇ ਬਾਦਲ ਦੀਆਂ ਤਾਰੀਫ਼ਾਂ, ਲੋਕਾਂ ਨੂੰ ਕੀਤੀ ਇਹ ਅਪੀਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ : ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ ’ਚੋਂ 396.03 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ
NEXT STORY