ਮਾਛੀਵਾੜਾ ਸਾਹਿਬ, (ਟੱਕਰ)- ਰਾਅ ਵਰਲਡ ਪਾਵਰਲਿਫਟਿੰਗ ਫੈਡਰੇਸ਼ਨ ਵਲੋਂ ਦੁਬਈ ਵਿਖੇ ਬੈਂਚ ਪ੍ਰੈਸ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਮਾਛੀਵਾੜਾ ਦੇ ਨੇੜ੍ਹਲੇ ਪਿੰਡ ਲੱਖੋਵਾਲ ਕਲਾਂ ਦੇ ਨੌਜਵਾਨ ਅਮਰਿੰਦਰ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ’ਚ 2 ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਵਿਦੇਸ਼ਾਂ ਵਿਚ ਵੀ ਰੌਸ਼ਨ ਕਰ ਦਿੱਤਾ। ਇਹ ਗੋਲਡ ਮੈਡਲ ਜਿੱਤਣ ਤੋਂ ਬਾਅਦ ਨੌਜਵਾਨ ਅਮਰਿੰਦਰ ਸਿੰਘ ਜਦੋਂ ਵਾਪਸ ਪਿੰਡ ਪੁੱਜਾ ਤਾਂ ਉਸਦਾ ਪੰਚਾਇਤ ਅਤੇ ਸਮੂਹ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਈ ਬਾਹਰ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਦੱਸਿਆ ਕਿ 95 ਕਿਲੋ ਬੈਂਚ ਪ੍ਰੈਸ ਮੁਕਾਬਲੇ ਵਿਚ ਉਸਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 160 ਕਿਲੋ ਡੈੱਡ ਲਿਫਟ ਵਿਚ ਉਹ ਆਪਣੇ ਵਿਰੋਧੀ ਖਿਡਾਰੀ ਨੂੰ ਪਛਾੜਦੇ ਹੋਏ ਅੱਵਲ ਰਿਹਾ। ਇਹ ਦੋਵੇਂ ਖੇਡ ਮੁਕਾਬਲੇ ਜਿੱਤਣ ’ਤੇ ਉਸ ਨੂੰ 2 ਗੋਲਡ ਮੈਡਲ ਮਿਲੇ। ਖਿਡਾਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਕਿੱਤੇ ਵਜੋਂ ਰਾਜ ਮਿਸਤਰੀ ਹੈ। ਉਸਦੇ ਮਨ ਵਿਚ ਇੱਕ ਵਧੀਆ ਖਿਡਾਰੀ ਬਣਨ ਦਾ ਸ਼ੌਂਕ ਸੀ ਜਿਸ ਲਈ ਉਹ ਦੀਪ ਬ੍ਰਦਰਜ਼ ਹੈਲਥ ਕਲੱਬ ਵਿਚ ਜਾ ਕੇ ਵੇਟ ਲਿਫਟਿੰਗ ਕਰਦਾ ਸੀ। ਉਹ ਪਿਛਲੇ 9 ਸਾਲ ਤੋਂ ਕਸਰਤ ਕਰ ਰਿਹਾ ਹੈ ਅਤੇ ਉਸਨੇ ਹਰਿਆਣਾ ਤੇ ਲੁਧਿਆਣਾ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ’ਤੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਕਈ ਮੈਡਲ ਜਿੱਤੇ ਹਨ।
ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ : ਤੈਰਦੇ ਹੋਏ ਪੂਲ 'ਚ ਬੇਹੋਸ਼ ਹੋਈ ਅਮਰੀਕੀ ਤੈਰਾਕ, ਕੋਚ ਨੇ ਛਾਲ ਮਾਰ ਕੇ ਇੰਝ ਬਚਾਈ ਜਾਨ
ਉਹ ਦੁਬਈ ਵਿਖੇ ਰਾਅ ਵਰਲਡ ਪਾਵਰਲਿਫਟਿੰਗ ਫੈਡਰੇਸ਼ਨ ਦੇ ਸੱਦੇ ’ਤੇ ਉੱਥੇ ਗਿਆ ਸੀ ਜਿਸ ਵਿਚ ਉਹ ਆਪਣੇ ਪੱਲਿਓਂ ਪੈਸੇ ਖਰਚ ਟਿਕਟ ਲਈ ਅਤੇ ਉੱਥੇ ਜਾ ਵਧੀਆ ਪ੍ਰਦਰਸ਼ਨ ਕਰ ਗੋਲਡ ਮੈਡਲ ਜਿੱਤ ਪੰਜਾਬ ਦਾ ਨਾਮ ਰੌਸ਼ਨ ਕੀਤਾ। ਖਿਡਾਰੀ ਅਮਰਿੰਦਰ ਸਿੰਘ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਜੇਕਰ ਪੇਂਡੂ ਖੇਤਰ ਵਿਚ ਰਹਿੰਦੇ ਗਰੀਬ ਖਿਡਾਰੀਆਂ ਲਈ ਸਰਕਾਰ ਨੌਕਰੀ ਜਾਂ ਢੁੱਕਵੇਂ ਕੋਚ ਤੇ ਖੁਰਾਕ ਦਾ ਪ੍ਰਬੰਧ ਕਰੇ ਤਾਂ ਹੋਰ ਵੀ ਵੱਡੀਆਂ ਉਪਲਬੱਧੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਸਨੇ ਦੱਸਿਆ ਕਿ ਬੇਸ਼ੱਕ ਉਸਨੇ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਇਲਾਕੇ ਦੇ ਨਾਂ ਦੁਨੀਆ ਵਿਚ ਰੌਸ਼ਨ ਕੀਤਾ ਪਰ ਅਜੇ ਤੱਕ ਸਰਕਾਰ ਵਲੋਂ ਉਸਨੂੰ ਕੋਈ ਨੌਕਰੀ ਜਾਂ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੇਰੇ ਵਰਗੇ ਗਰੀਬ ਖਿਡਾਰੀ ਦੀ ਬਾਂਹ ਫੜੇ, ਵਧੀਆ ਕੋਚਿੰਗ ਦੇ ਕੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਉਤਾਰੇ ਤਾਂ ਉਹ ਜ਼ਰੂਰ ਆਪਣੇ ਸੂਬੇ ਦਾ ਮਾਣ ਵਧਾਏਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਾਬੁਲ ਬੰਬ ਧਮਾਕੇ ’ਚ ਨੁਕਸਾਨੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਲਈ ਕਰਾਂਗੇ 10 ਲੱਖ ਦਾ ਸਹਿਯੋਗ : ਭਾਈ ਦਾਦੂਵਾਲ
NEXT STORY