ਨਡਾਲਾ (ਸ਼ਰਮਾ) : ਅਮਰੀਕੀ ਸਟੇਟ ਕੈਲੇਫੋਰਨੀਆਂ 'ਚ ਹੋਏ ਸੜਕ ਹਾਦਸੇ 'ਚ ਮਰਨ ਵਾਲੇ ਪਿੰਡ ਮਿਰਜਾਪੁਰ ਵਾਸੀ ਨੌਜਵਾਨ ਸ਼ਰਨਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਗਈ ਹੈ। ਮ੍ਰਿਤਕ ਦੇਹ ਦੇ ਪਿੰਡ ਪੁੱਜਣ 'ਤੇ ਪੂਰੀ ਤਰ੍ਹਾਂ ਮਾਤਮ ਛਾ ਗਿਆ। ਹਰ ਅੱਖ ਉਸ ਹੋਣਹਾਰ ਨੌਜਵਾਨ ਨੂੰ ਦੇਹ ਨੂੰ ਵੇਖ ਕੇ ਰੋ ਰਹੀ ਸੀ। ਸਾਰੀਆਂ ਧਾਰਮਿਕ ਰਸਮਾਂ ਤੋਂ ਬਾਅਦ ਪਿੰਡ ਦੇ ਸ਼ਮਸ਼ਾਨਘਾਟ ਵਿਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ। ਹਲਕਾ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਆਪਣੇ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਮ੍ਰਿਤਕ ਦੇ ਚਾਚਾ ਤੇ ਸਰਪੰਚ ਮਿਰਜਾਪੁਰ ਜੋਗਾ ਸਿੰਘ ਨੇ ਦੱਸਿਆ ਕਿ ਕਾਫੀ ਯਤਨਾਂ ਦੇ ਬਾਅਦ ਸ਼ਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ। ਸ਼ਰਨਜੀਤ ਸਿੰਘ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਘਟਨਾ ਸਮੇਂ ਉਹ ਇਕ ਹੋਰ ਸਾਥੀ ਨਾਲ ਟਰਾਲੇ 'ਤੇ ਸਮਾਨ ਲੈ ਕੇ ਜਾ ਰਹੇ ਸਨ ਤਾਂ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾਅ ਗਿਆ। ਉਸ ਸਮੇਂ ਸ਼ਰਨਜੀਤ ਸਿੰਘ ਸੁੱਤਾ ਹੋਇਆ ਸੀ ਤੇ ਉਸਦਾ ਸਾਥੀ ਟਰਾਲਾ ਚਲਾ ਰਿਹਾ ਸੀ। ਉਸ ਸਮੇਂ ਹੋਈ ਜ਼ਬਰਦਸਤ ਟੱਕਰ ਕਾਰਨ ਸ਼ਰਨਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਸੀ। ਕਰੀਬ 4 ਸਾਲ ਪਹਿਲਾਂ ਉਹ ਅਮਰੀਕਾ ਗਿਆ ਸੀ। ਇਸ ਸਮੇਂ ਕੈਲੇਫੋਰਨੀਆ ਸਟੇਟ ਵਿਕਸਟੀਲ ਵਿਚ ਹੋਰਨਾਂ ਨੌਜਵਾਨਾਂ ਨਾਲ ਰਹਿ ਰਿਹਾ ਸੀ।
ਕੱਲ੍ਹ ਕੇਂਦਰੀ ਸਿਹਤ ਮੰਤਰੀ ਕਰਨਗੇ ਬਠਿੰਡਾ ਏਮਜ਼ ਦਾ ਉਦਘਾਟਨ
NEXT STORY