ਪਟਿਆਲਾ (ਪਰਮੀਤ) : ਵਿਦੇਸ਼ਾਂ ਅੰਦਰ ਪੰਜਾਬੀਆਂ ਦਾ ਅਤੇ ਪੰਜਾਬ ਦਾ ਡੰਕਾ ਵਜਾਉਣ ਵਾਲੇ ਉੱਘੇ ਐੱਨ.ਆਰ.ਆਈ, ਸਮਾਜ ਸੇਵਕ ਡਾ. ਦਰਸ਼ਨ ਸਿੰਘ ਰੱਖੜਾ ਨੇ ਅੱਜ ਆਪਣੇ ਭਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ ਰੱਖੜਾ ਨੂੰ ਨਾਲ ਲੈ ਕੇ ਕਿਸਾਨੀ ਮਸਲਿਆਂ ਦੇ ਹੱਲ ਲਈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਲੰਬੀ ਮੀਟਿੰਗ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਬਾਰਡਰਾਂ 'ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਤਾਂ ਦਰਸ਼ਨ ਸਿੰਘ ਰੱਖੜਾ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ ਨੇ ਦਿੱਲੀ ਬਾਰਡਰ 'ਤੇ ਕਿਸਾਨਾਂ ਲਈ 24 ਘੰਟੇ ਦਾ ਲੰਗਰ ਚਲਾਇਆ ਸੀ। ਵਧੀਆ ਰੈਣ ਬਸੇਰੇ ਬਣਾਏ ਸਨ ਤੇ ਦਵਾਈਆਂ ਦੇ ਪ੍ਰਬੰਧ ਕੀਤੇ ਸਨ ਤੇ ਪੂਰਾ ਲਗਭਗ ਸਾਲ ਜਦੋਂ ਤੱਕ ਸੰਘਰਸ਼ ਜਾਰੀ ਰਿਹਾ। ਇਹ ਲੰਗਰ ਵੀ ਉਸੇ ਤਰ੍ਹਾਂ ਚਲਦੇ ਰਹੇ। ਦਰਸ਼ਨ ਸਿੰਘ ਰੱਖੜਾ ਆਪਣੀ ਮਿੱਟੀ ਨਾਲ ਜੁੜੇ ਹੋਏ ਕਿਸਾਨ ਹਨ ਤੇ ਵਿਦੇਸ਼ਾਂ ਅੰਦਰ ਅਰਬਾਂ ਦਾ ਕਾਰੋਬਾਰ ਹੋਣ ਤੋਂ ਬਾਅਦ ਵੀ ਪਟਿਆਲਾ ਵਿਚ ਸਥਿਤ ਆਪਣੇ ਪਿੰਡ ਵਿਚ ਹਰ ਦੋ ਮਹੀਨੇ ਵਿਚ ਇਕ ਵਾਰ ਜ਼ਰੂਰ ਆਉਂਦੇ ਹਨ।
ਦਰਸ਼ਨ ਸਿੰਘ ਰੱਖੜਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਇਸ ਵੇਲੇ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਲਈ ਪੰਜਾਬ ਨੂੰ ਕੇਂਦਰ ਦੀ ਮਦਦ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦਾ ਕਿਸਾਨ ਮੁੜ ਦੁਬਾਰਾ ਐੱਮ. ਐੱਸ. ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਲੜ ਰਿਹਾ ਹੈ। ਜਦੋਂ ਉਨ੍ਹਾਂ ਨੂੰ ਅਮਰੀਕਾ ਬੈਠੇ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਦੋ ਦਿਨ ਪਹਿਲਾਂ ਹੀ ਵਿਸ਼ੇਸ਼ ਤੌਰ 'ਤੇ ਪੰਜਾਬ ਪੁੱਜੇ ਅਤੇ ਉਨ੍ਹਾਂ ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਨਬਾਤ ਕੀਤੀ। ਉਨ੍ਹਾਂ ਆਖਿਆ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਤੁਰੰਤ ਮੀਟਿੰਗ ਲਈ ਬੁਲਾਇਆ ਤੇ ਅੱਜ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਲੰਬੀ ਮੀਟਿੰਗ ਕੀਤੀ।
ਦਰਸ਼ਨ ਸਿੰਘ ਰੱਖੜਾ ਨੇ ਆਖਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਭਰਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਗੱਲ ਦੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਕਿ ਪੰਜਾਬ ਕਿਸਾਨੀ ਦੇ ਸਿਰ 'ਤੇ ਹੈ ਤੇ ਅੱਜ ਦਾ ਕਿਸਾਨ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਖੁਦਕੁਸ਼ੀਆਂ ਵੱਧ ਰਹੀਆਂ ਹਨ। ਛੋਟੇ ਕਿਸਾਨ ਰੋਜ਼ੀ ਰੋਟੀ ਤੋਂ ਮੋਹਤਾਜ਼ ਹੋ ਰਹੇ ਹਨ। ਜ਼ਮੀਨਾਂ ਘੱਟ ਚੁਕੀਆਂ ਹਨ, ਪਾਣੀ ਧਰਤੀ ਹੇਠਾਂ ਬਹੁਤ ਜ਼ਿਆਦਾ ਜਾ ਚੁੱਕਾ ਹੈ, ਜਿਸ ਕਾਰਨ ਕਿਸਾਨ ਦੀ ਜ਼ਿੰਦਗੀ ਬਹੁਤ ਜ਼ਿਆਦਾ ਔਖੀ ਹੋਈ ਪਈ ਹੈ। ਅਮਿਤ ਸ਼ਾਹ ਨੂੰ ਉਨ੍ਹਾਂ ਦੱਸਿਆ ਕਿ ਦੇਸ਼ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਕਹਾਉਂਦਾ ਹੈ। ਇਸ ਲਈ ਉਨ੍ਹਾਂ ਨੂੰ ਬਾਕੀ ਦੇਸ਼ ਦੇ ਮਸਲਿਆਂ ਦੇ ਨਾਲ-ਨਾਲ ਇਸ ਮਸਲੇ ’ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਰਾਹਤ ਦੇਣੀ ਚਾਹੀਦੀ ਹੈ। ਦਰਸ਼ਨ ਸਿੰਘ ਰੱਖੜਾ ਨੇ ਆਖਿਆ ਕਿ ਉਹ ਖੁਦ ਕਿਸਾਨ ਹਨ। ਅੱਜ ਵੀ ਉਨ੍ਹਾਂ ਦਾ ਪਰਿਵਾਰ ਖੇਤੀ ਕਰਦਾ ਹੈ। ਉਹ ਖੁਦ ਜਦੋਂ ਵੀ ਆਉਂਦੇ ਹਨ, ਸਮੁੱਚੇ ਸਿਸਟਮ ਨੂੰ ਚੈਕ ਕਰਦੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਦੇਸ਼ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇਗੀ।
ਕੇਸ਼ੋਪੁਰ ਛੰਬ ਨੂੰ ਵਿਕਸਤ ਕਰਨ ਦੇ ਨਾਲ ਪੰਛੀਆਂ ਦੇ ਅਨੁਕੂਲ ਮਹੌਲ ਸਿਰਜਿਆ ਜਾਵੇਗਾ: ਮੰਤਰੀ ਕਟਾਰੂਚੱਕ
NEXT STORY