ਅੰਮ੍ਰਿਤਸਰ (ਸੁਮਿਤ ਖੰਨਾ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ-ਭਾਜਪਾ ਆਗੂਆਂ ਦੀ ਜਾਇਦਾਦ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਹਰਸਿਮਰਤ ਕੌਰ ਬਾਦਲ, ਸਾਬਕਾ ਵਿਧਾਇਕ ਜਗੀਰ ਕੌਰ ਤੇ ਬਰਨਾਲਾ ਦੇ ਸਾਬਕਾ ਵਿਧਾਇਕ ਤੇ ਸੰਗਰੂਰ ਤੋਂ ਕਾਂਗਰਸੀ ਉਮੀਦਵਾਰਾਂ ਦੀਆਂ ਜਾਇਦਾਦਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ। ਦੱਸ ਦੇਈਏ ਕਿ ਸੋਮਵਾਰ ਨੂੰ ਭਗਵੰਤ ਮਾਨ 'ਆਪ' ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਨਾਮਜ਼ਦਗੀ ਦਾਖ਼ਲ ਕਰਵਾਉਣ ਪਹੁੰਚੇ ਸਨ। ਇਸ ਮੌਕੇ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਸਿਮਰਤ ਬਾਦਲ ਕੋਲ ਇੰਨੇ ਗਹਿਣੇ ਕਿੱਥੋਂ ਆਏ ਤੇ ਜਗੀਰ ਕੌਰ ਅਤੇ ਕੇਵਲ ਸਿੰਘ ਢਿੱਲੋਂ ਦੀ ਜਾਇਦਾਦ ਇੰਨੀ ਕਿਵੇਂ ਵੱਧ ਗਈ ਇਹ ਜਾਂਚ ਦਾ ਵਿਸ਼ਾ ਹੈ।
ਇਸ ਦੌਰਾਨ 'ਸਿੱਟ' ਦੀ ਕਲੀਨ ਚਿੱਟ 'ਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਕੈਪਟਨ ਬਾਦਲਾਂ ਨੂੰ ਬਚਾਅ ਰਹੇ ਹਨ, ਕਿਉਂਕਿ ਕੈਪਟਨ ਅਤੇ ਬਾਦਲ ਦੋਵੇਂ ਆਪਸ ਵਿਚ ਮਿਲੇ ਹੋਏ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਜਾਵੇ ਪਰ 19 ਮਈ ਨੂੰ ਜਿਹੜੀ ਲੋਕਾਂ ਦੀ ਕਚਹਿਰੀ ਲੱਗੇਗੀ ਉਸ ਵਿਚੋਂ ਇਹ ਬਰੀ ਨਹੀਂ ਹੋਣਗੇ।
ਆਮ ਆਦਮੀ ਪਾਰਟੀ ਦੇ ਚੋਣ ਮੈਨਫੈਸਟੋ 'ਤੇ ਮਾਨ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਪਹਿਲਾਂ ਵਾਂਗ ਹੀ ਬੇਰੁਜ਼ਗਾਰੀ ਅਤੇ ਕਿਸਾਨਾਂ 'ਤੇ ਕੇਂਦਰਿਤ ਰਹੇਗਾ, ਕਿਉਂਕਿ ਇਨ੍ਹਾਂ ਵਿਚੋਂ ਕੋਈ ਵੀ ਮੁੱਦਾ ਹੱਲ ਨਹੀਂ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਚੌਕੀਦਾਰ ਹੀ ਚੋਰ ਹੈ ਕਿਉਂਕਿ ਵਿਜੇ ਮਾਲਿਆ ਦੇ ਦੇਸ਼ ਛੱਡਣ ਤੋਂ ਪਹਿਲਾਂ ਉਨ੍ਹਾਂ ਮਾਲਿਆ ਤੇ ਅਰੁਣ ਜੇਤਲੀ ਨੂੰ ਉਨ੍ਹਾਂ ਇਕੱਠੇ ਚਾਹ ਪੀਂਦੇ ਵੇਖਿਆ ਸੀ।
ਮਾਨ ਨੇ ਚੋਣਾਂ ਦੌਰਾਨ ਕੇਂਦਰ ਵੱਲੋਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦੇ ਸਵਾਲ 'ਤੇ ਕਿਹਾ ਕਿ ਜੇਕਰ ਇਹ ਸੂਚੀ ਨੂੰ ਖ਼ਤਮ ਕਰਨ ਦੀ ਮੰਸ਼ਾ ਸਿਆਸਤ ਤੋਂ ਪ੍ਰੇਰਿਤ ਹੈ ਤਾਂ ਅਜਿਹਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸੰਸਦ ਵਿਚ ਕਾਲੀ ਸੂਚੀ ਨੂੰ ਖ਼ਤਮ ਕਰਨ ਲਈ ਅਵਾਜ਼ ਚੁੱਕਦੇ ਰਹੇ ਹਨ ਪਰ ਚੋਣਾਂ ਦੇ ਮਾਹੌਲ ਵਿਚ ਅਜਿਹਾ ਮੋਦੀ ਸਰਕਾਰ ਦਾ ਅਜਿਹਾ ਫੈਸਲਾ ਕਈ ਸਵਾਲ ਖੜ੍ਹੇ ਕਰਦਾ ਹੈ।
ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੂੰ ਆਈ ਮਾਂ ਦੀ ਯਾਦ (ਵੀਡੀਓ)
NEXT STORY