ਅੰਮ੍ਰਿਤਸਰ (ਦੀਪਕ ਸ਼ਰਮਾ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ 'ਚ ਵੱਖ-ਵੱਖ ਸਖਸ਼ੀਅਤਾਂ ਦੀਆਂ ਤਸਵੀਰਾਂ ਲਗਾਉਣ ਲਈ ਪੁੱਜੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ ਅਗਵਾਈ 'ਚ ਹੋਈ ਇਸ ਇਕੱਤਰਤਾ 'ਚ ਸਿੰਘ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਹਿੰਦਰ ਸਿੰਘ ਆਹਲੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ ਸ਼ਾਮਲ ਸਨ।
ਇਸ ਸਬੰਧੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ 'ਚ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾਂ ਦੀਆਂ ਤਸਵੀਰਾਂ ਲਗਾਉਣ ਲਈ ਵੱਖ-ਵੱਖ ਸਮੇਂ ਸ਼੍ਰੋਮਣੀ ਕਮੇਟੀ ਪਾਸ ਮੰਗਾਂ ਪੁੱਜਦੀਆਂ ਰਹਿੰਦੀਆਂ ਹਨ। ਬੀਤੇ ਸਮੇਂ ਦੌਰਾਨ ਆਈਆਂ ਮੰਗਾਂ ਸਬੰਧੀ ਵਿਚਾਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖੁਸ਼ ਸਿੰਘ ਖਾਲਸਾ ਨੇ ਦੱਸਿਆ ਕਿ 20 ਦੇ ਕਰੀਬ ਪੁੱਜੀਆਂ ਮੰਗਾਂ ਨੂੰ ਵਿਚਾਰਿਆ ਗਿਆ ਹੈ। ਇਸ ਸਬੰਧ 'ਚ ਅੰਤਮ ਨਿਰਣਾ ਅੰਤ੍ਰਿੰਗ ਕਮੇਟੀ ਵਲੋਂ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਬ-ਕਮੇਟੀ ਦੀਆਂ ਸਿਫਾਰਸ਼ਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪਾਸ ਭੇਜੀਆਂ ਜਾਣਗੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਤੇ ਸਹਾਇਕ ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ ਵੀ ਮੌਜੂਦ ਸਨ।
ਪੰਜਾਬ 'ਚ ਲੱਗੇ ਭੂਚਾਲ ਦੇ ਝਟਕੇ
NEXT STORY