ਅੰਮ੍ਰਿਤਸਰ (ਸਫਰ) : ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਮ੍ਰਿਤਸਰ ਦੇ ਕਿਸਾਨ ਦੀ ਬੇਟੀ ਨੇ ਚਿੱਠੀ ਲਿਖੀ ਹੈ ਕਿ ਉਨ੍ਹਾਂ ਨੂੰ ਪਾਵਰ ਲਿਫਟਿੰਗ ਲਈ ਇੰਟਰਨੈਸ਼ਨਲ ਪੱਧਰ 'ਤੇ ਕੋਚਿੰਗ ਦਿਵਾਈ ਜਾਵੇ ਤਾਂ ਉਹ ਦੁਨੀਆ ਜਿੱਤ ਸਕਦੀ ਹੈ। ਇਹ ਉਸ ਦਾ ਰਾਸ਼ਟਰ ਪ੍ਰਤੀ ਵਾਅਦਾ ਹੈ। ਪਾਵਰ ਲਿਫਟਿੰਗ ਨਾਲ ਜੁੜੀ ਇਸ ਧੀ ਨੂੰ ਸਿਰਫ 13 ਮਹੀਨੇ ਹੋਏ ਹਨ ਪਰ ਆਤਮ-ਵਿਸ਼ਵਾਸ ਇੰਨਾ ਉੱਚਾ ਹੈ ਕਿ ਹਰ ਚੈਲੰਜ ਕਬੂਲ ਕਰਨ ਨੂੰ ਤਿਆਰ ਹੈ। ਬੀਤੇ 13 ਮਹੀਨਿਆਂ 'ਚ ਇਸ ਬਹਾਦਰ ਕੁੜੀ ਨੇ 5 ਗੋਲਡ, 4 ਸਿਲਵਰ ਅਤੇ 6 ਕਾਂਸੀ ਦੇ ਤਮਗੇ ਜਿੱਤ ਚੁੱਕੀ ਹੈ। ਬਿਨਾਂ ਕਿਸੇ ਕੋਚਿੰਗ ਦੇ ਇਸ ਧੀ ਨੇ ਦਿੱਲੀ ਦੇ ਨਾਲ-ਨਾਲ ਹਰਿਆਣਾ ਨੂੰ ਵੀ ਧੂੜ ਚਟਾਈ ਹੈ। ਕਿਸਾਨ ਦੀ ਇਹ ਬੇਟੀ ਮਾਡਲਿੰਗ ਦੇ ਨਾਲ-ਨਾਲ ਮਿਸ ਪੰਜਾਬਣ ਦਾ ਖਿਤਾਬ ਜਿੱਤ ਕੇ ਪਹਿਲਾਂ ਵੀ ਦੇਸ਼-ਦੁਨੀਆ 'ਚ ਚਰਚਾ 'ਚ ਰਹਿ ਚੁੱਕੀ ਹੈ।
ਮਿਲ ਜਾਂਦੀ ਹੈ ਹਰ ਮੰਜ਼ਿਲ, ਬਸ ਚੱਲਣ ਦਾ ਇਰਾਦਾ ਦਿਲ 'ਚ ਹੋਵੇ। ਕਿਸੇ ਸ਼ਾਇਰ ਦੀ ਲਿਖੀ ਇਹ ਸਤਰ ਸੱਚ ਹੋ ਰਹੀ ਹੈ ਅੰਮ੍ਰਿਤਸਰ ਦੇ ਮੀਰਾਂਕੋਟ 'ਚ ਜੰਮੀ ਸਿੰਪਲ ਬੇਦੀ 'ਤੇ, ਜਿਸ ਦੇ ਪਿਤਾ ਬਲਬੀਰ ਸਿੰਘ ਬੇਦੀ ਭਲੇ ਹੀ ਕਿਸਾਨ ਸਨ ਪਰ ਸੋਚ ਉੱਚੀ ਸੀ। 4 ਬੇਟੀਆਂ ਅਤੇ 1 ਬੇਟੇ ਦੇ ਪਿਤਾ ਦਾ ਫਰਜ਼ ਉਨ੍ਹਾਂ ਬਖੂਬੀ ਨਿਭਾਇਆ ਅਤੇ ਬੇਟੀਆਂ ਨੂੰ ਉੱਚ ਸਿੱਖਿਆ ਦਿਵਾ। ਪਰ ਕੈਂਸਰ ਨੇ ਉਨ੍ਹਾਂ ਨੂੰ 1997 'ਚ ਖੋਹ ਲਿਆ। ਮਾਂ ਸ਼ੀਲਾ ਬੇਦੀ ਬਾਬਾ ਨਾਨਕ ਦੀ ਮੁਰੀਦ ਉਨ੍ਹਾਂ ਦੀ ਫ਼ਕੀਰੀ 'ਚ ਜ਼ਿੰਦਗੀ ਬਤੀਤ ਕਰਨ ਲੱਗੀ। ਬਾਬਾ ਨਾਨਕ ਦੇ ਵੰਸ਼ 'ਚ ਸ਼ੁਮਾਰ ਸਿੰਪਲ ਬੇਦੀ ਬਚਪਨ ਤੋਂ ਉਮੀਦਾਂ ਦੇ ਜਹਾਜ਼ 'ਤੇ ਸਫਰ ਕਰਦੀ ਰਹੀ। ਕਾਲਜ ਦੇ ਦਿਨਾਂ 'ਚ ਮੰਚ ਤੋਂ ਲੈ ਕੇ ਮਾਡਲਿੰਗ ਨਾਲ ਜੁੜੀ ਅਤੇ 1995 'ਚ ਮਿਸ ਪੰਜਾਬਣ ਬਣੀ। ਜੀ. ਐੱਨ. ਡੀ. ਯੂ. ਤੋਂ ਗ੍ਰੈਜੂਏਟ ਹੋਈ ਤਾਂ ਸੀ. ਏ. ਦੇ ਕੋਲ ਕੁਝ ਮਹੀਨੇ ਤੱਕ ਨੌਕਰੀ ਵੀ ਕੀਤੀ। ਸਿੰਪਲ ਬੇਦੀ ਸ਼ਬਦ ਕੀਰਤਨ ਬਹੁਤ ਹੀ ਸੁੰਦਰ ਕਰਦੀ ਹੈ। ਦਰਜਨਾਂ ਵਾਰ ਉਸ ਨੂੰ ਸਨਮਾਨ ਮਿਲ ਚੁੱਕਾ ਹੈ।
'ਰੱਖਿਆ' ਲਈ 'ਬੰਧਨ' ਲੈ ਕੇ ਜਾਵੇਗੀ ਬਾਰਡਰ 'ਤੇ
ਜਗ ਬਾਣੀ ਨਾਲ ਗੱਲਬਾਤ 'ਚ ਸਿੰਪਲ ਬੇਦੀ ਕਹਿੰਦੀ ਹੈ ਕਿ ਉਹ ਰੱਖਿਆ ਲਈ ਬਾਰਡਰ 'ਤੇ 'ਬੰਧਨ' ਲੈ ਕੇ ਜਾਵੇਗੀ ਤੇ ਫੌਜੀ ਭਰਾਵਾਂ ਦੇ ਹੱਥਾਂ 'ਤੇ ਰੱਖੜੀ ਬੰਨ੍ਹ ਕੇ ਭਾਰਤ ਮਾਂ ਦੀ ਰੱਖਿਆ ਲਈ ਜਿਥੇ ਪ੍ਰਣ ਲਵੇਗੀ, ਉਥੇ ਹੀ ਆਜ਼ਾਦੀ ਦਿਵਸ 'ਤੇ ਅੰਮ੍ਰਿਤਸਰ 'ਚ ਅਜਿਹੀਆਂ ਬੇਟੀਆਂ ਨੂੰ ਪਾਵਰ ਲਿਫਟਿੰਗ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰੇਗੀ, ਜੋ ਖੇਡ ਜਗਤ 'ਚ ਉੱਚਾ ਨਾਂ ਕਮਾ ਸਕਦੀਆਂ ਹਨ ਪਰ ਉਨ੍ਹਾਂ ਨੂੰ ਮਾਰਗਦਰਸ਼ਕ ਦੀ ਲੋੜ ਹੈ।
ਯੂ-ਟਿਊਬ ਤੋਂ ਸਿੱਖੇ ਪਾਵਰ ਲਿਫਟਿੰਗ ਦੇ ਤਰੀਕੇ
ਮਿਸ ਪੰਜਾਬਣ ਬਣਨ ਤੋਂ ਬਾਅਦ ਫਿਲਮਾਂ 'ਚ ਆਫਰ ਮਿਲੇ ਪਰ ਮਾਂ-ਬਾਪ ਨੇ 2010 ਵਿਚ ਦਿੱਲੀ 'ਚ ਵਿਆਹ ਕਰ ਦਿੱਤਾ। 2011 ਵਿਚ ਬੇਟੇ ਗਲੇਡਵਿਨ ਨੇ ਜਨਮ ਲਿਆ। ਤੀਜੀ ਜਮਾਤ 'ਚ ਪੜ੍ਹਦਾ ਹੈ। ਸਿੰਪਲ ਬੇਦੀ ਨੇ ਜੁਲਾਈ 2018 ਵਿਚ ਪਾਵਰ ਲਿਫਟਿੰਗ ਕਰਨ ਦੀ ਸੋਚੀ। ਇਸ ਦੇ ਲਈ ਉਸ ਨੇ ਯੂ-ਟਿਊਬ ਤੋਂ ਪਾਵਰ ਲਿਫਟਿੰਗ ਦੇ ਤਰੀਕੇ ਸਿੱਖਣੇ ਸ਼ੁਰੂ ਕੀਤੇ। ਅੱਜ ਵੀ ਉਹ ਕਿਸੇ ਤੋਂ ਕੋਚਿੰਗ ਨਹੀਂ ਲੈ ਰਹੀ। ਕਹਿੰਦੀ ਹੈ ਕਿ ਸਿੰਗਲ ਮਦਰ ਹਾਂ, ਬੱਚੇ ਦੀ ਪੜ੍ਹਾਈ ਅਤੇ ਘਰ ਦਾ ਖਰਚਾ ਮੁਸ਼ਕਿਲ ਨਾਲ ਚੱਲਦਾ ਹੈ ਪਰ ਠਾਣ ਲਿਆ ਹੈ ਕਿ ਇਕ ਦਿਨ ਪਾਵਰ ਲਿਫਟਿੰਗ 'ਚ ਵਿਸ਼ਵ ਜੇਤੂ ਬਣਾਂਗੀ।
ਬਜ਼ੁਰਗ ਨੂੰ ਨੋਚ-ਨੋਚ ਕੇ ਖਾ ਗਏ ਕੁੱਤੇ, ਵੇਖ ਕੰਬ ਜਾਵੇਗੀ ਰੂਹ
NEXT STORY