ਅੰਮ੍ਰਿਤਸਰ (ਦੀਪਕ) : ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਸਿੱਖ ਧਰਮ ਦੇ ਮਹਾਨ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਪੁੱਜਣ 'ਤੇ ਹਜ਼ਾਰਾਂ ਸੰਗਤਾਂ ਵਲੋਂ ਖਾਲਸਾਈ ਜਾਹੋ-ਜਲਾਲ ਨਾਲ ਸਵਾਗਤ ਕੀਤਾ ਗਿਆ। ਬੀਤੀ ਰਾਤ ਨਗਰ ਕੀਰਤਨ ਦੇ ਇਥੇ ਪੁੱਜਣ ਸਮੇਂ ਸਵਾਗਤ ਕਰਨ ਵਾਲਿਆਂ 'ਚ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਾਜਿੰਦਰ ਸਿੰਘ ਤੇ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।
ਦੱਸਣਯੋਗ ਹੈ ਕਿ ਇਹ ਅੰਤਰਰਾਸ਼ਟਰੀ ਨਗਰ ਕੀਰਤਨ ਪੰਜਾਂ ਤਖਤਾਂ ਦੀ ਯਾਤਰਾ ਕਰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਸੰਪੂਰਨ ਹੋਣਾ ਹੈ। ਇਸ ਤੋਂ ਪਹਿਲਾਂ ਇਹ ਨਗਰ ਕੀਰਤਨ 2 ਤਖਤ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਦਾ ਹੋਇਆ ਪਟਨਾ ਸਾਹਿਬ ਪੁੱਜਾ। ਇਸੇ ਦੌਰਾਨ ਰਾਤ ਦੇ ਵਿਸ਼ਰਾਮ ਮਗਰੋਂ ਅੱਜ ਇਹ ਨਗਰ ਕੀਰਤਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਅਗਲੇ ਪੜਾਅ ਹਜ਼ਾਰੀ ਬਾਗ ਲਈ ਰਵਾਨਾ ਹੋ ਗਿਆ। ਇਥੇ ਰਵਾਨਗੀ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ।
ਪਟਨਾ ਸਾਹਿਬ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਬਿਹਾਰ ਸਰਕਾਰ ਵੱਲੋਂ ਉਦਯੋਗ ਮੰਤਰੀ ਸ਼ਿਆਮ ਰਜਕ ਨੇ ਹਾਜ਼ਰੀ ਭਰੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਸੰਗਤਾਂ ਵਲੋਂ ਸਵਾਗਤ ਲਈ ਦਿਖਾਏ ਉਤਸ਼ਾਹ ਲਈ ਧੰਨਵਾਦ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਲਈ ਪ੍ਰਸ਼ੰਸਾ ਕੀਤੀ। ਨਗਰ ਕੀਰਤਨ ਦੀ ਇਥੋਂ ਰਵਾਨਗੀ ਸਮੇਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਸ਼ਰਧਾ ਪ੍ਰਗਟਾਈ ਗਈ। ਪਟਨਾ ਸਾਹਿਬ ਵਿਖੇ ਕਾਰ ਸੇਵਾ ਭੂਰੀਵਾਲਿਆਂ ਵਲੋਂ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਥੇ ਲੰਗਰ ਆਦਿ ਦੇ ਵਿਸ਼ਾਲ ਪ੍ਰਬੰਧ ਵੀ ਸਲਾਹੁਣਯੋਗ ਸਨ।
ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭੁਪਿੰਦਰ ਸਿੰਘ ਭਲਵਾਨ, ਗੁਰਪ੍ਰੀਤ ਸਿੰਘ ਚੰਡਾਲ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰ ਕਮਿੱਕਰ ਸਿੰਘ, ਭੁਪਿੰਦਰ ਸਿੰਘ ਚੀਫ਼ ਐਡਮਨਿਸਟ੍ਰੇਟਰ, ਪਟਨਾ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੂਰਜ ਸਿੰਘ ਤੇ ਦਿੱਲੀ ਕਮੇਟੀ ਤੋਂ ਬੀਬੀ ਰਣਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਜੀਤ ਸਿੰਘ ਲਾਲੂ ਘੁੰਮਣ, ਇੰਚਾਰਜ ਗੁਰਚਰਨ ਸਿੰਘ ਕੁਹਾਲਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਨਰਿੰਦਰ ਸਿੰਘ ਮਥਰੇਵਾਲ, ਭਾਈ ਬ੍ਰਿਜਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ, ਪ੍ਰਚਾਰਕ ਭਾਈ ਸਤਵੰਤ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਹਰਪਾਲ ਸਿੰਘ, ਭਾਈ ਪੰਥਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ। ਨਗਰ ਕੀਰਤਨ 26 ਅਗਸਤ ਨੂੰ ਹਜ਼ਾਰੀ ਬਾਗ ਤੋਂ ਧੰਨਬਾਦ ਲਈ ਰਵਾਨਾ ਹੋਵੇਗਾ।
ਕੈਪਟਨ ਦੇ ਖਾਸਮ-ਖਾਸ ਵਿਧਾਇਕ ਕੰਬੋਜ ਨੇ ਆਪਣੀ ਹੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY