ਅੰਮ੍ਰਿਤਸਰ (ਦੀਪਕ ਸ਼ਰਮਾ) : ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਬੀਤੀ ਰਾਤ ਮੱਧ ਪ੍ਰਦੇਸ਼ ਦੇ ਸ਼ਹਿਰ ਸਾਗਰ ਵਿਖੇ ਵਿਸ਼ਰਾਮ ਮਗਰੋਂ ਅੱਜ ਭੋਪਾਲ ਲਈ ਖਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋ ਗਿਆ। ਸਾਗਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਤੇ ਕਥਾ ਵਿਚਾਰਾਂ ਹੋਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 72 ਸਾਲਾਂ ਮਗਰੋਂ ਦੇਸ਼ ਵੰਡ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਭਾਰਤ ਲਈ ਨਗਰ ਕੀਰਤਨ ਸਜਾਇਆ ਗਿਆ ਹੈ। ਸਾਡੀ ਖੁਸ਼ਨਸੀਬੀ ਹੈ ਕਿ ਸਾਨੂੰ ਇਸ ਇਤਿਹਾਸਕ ਮੌਕੇ ਦਾ ਗਵਾਹ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਮੌਕੇ ਪ੍ਰਬੰਧਕਾਂ ਵਲੋਂ ਪੰਜ ਪਿਆਰੇ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦਿੱਤੇ ਗਏ। ਸਾਗਰ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਮੌਜੂਦ ਸਨ। ਇਥੇ ਸਿੱਖ ਨੁਮਾਇੰਦਿਆਂ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਆਹਲਾ ਪ੍ਰਕਾਸ਼ਨਿਕ ਅਧਿਕਾਰੀਆਂ 'ਚੋਂ ਆਈ.ਜੀ. ਸ੍ਰੀ ਸਤੀਸ਼ ਸਕਸੈਨਾ ਅਤੇ ਕਮਿਸ਼ਨਰ ਸ੍ਰੀ ਅਨੰਦ ਕੁਮਾਰ ਸ਼ਰਮਾ ਵੀ ਨਗਰ ਕੀਰਤਨ 'ਚ ਸ਼ਾਮਲ ਹੋਏ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਸਿਰੋਪਾਓ ਦੇ ਕੇ ਨਿਵਾਜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਗਰ ਦੇ ਪ੍ਰਧਾਨ ਸਤਿੰਦਰ ਸਿੰਘ ਹੋਰਾ, ਸਕੱਤਰ ਸਰਜਬੀਤ ਸਿੰਘ ਸੂਰੀ, ਮੀਤ ਪ੍ਰਧਾਨ ਮਨਜੀਤ ਸਿੰਘ, ਚਰਨਜੀਤ ਸਿੰਘ ਭਾਟੀਆ, ਹਰਚਰਨ ਸਿੰਘ ਨਈਅਰ, ਕੁਲਦੀਪ ਸਿੰਘ ਭਾਟੀਆ, ਦਵਿੰਦਰਪਾਲ ਸਿੰਘ ਚਾਵਲਾ, ਡਾ. ਸਤਨਾਮ ਸਿੰਘ, ਵੀਰ ਸਿੰਘ, ਸੰਤੋਸ਼ ਸਿੰਘ, ਨਾਨਕ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਸਰਵਣ ਸਿੰਘ ਆਦਿ ਮੌਜੂਦ ਸਨ।
ਬਾਬਾ ਸੋਢਲ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਸ਼ਰਧਾਲੂਆਂ ਦਾ ਲੱਗਾ ਜਮਾਵੜਾ (ਤਸਵੀਰਾਂ)
NEXT STORY