ਅੰਮ੍ਰਿਤਸਰ (ਦੀਪਕ ਸ਼ਰਮਾ) : ਅਮਰੀਕਾ ਦੇ ਸ਼ਹਿਰ ਹਿਊਸਟਨ 'ਚ ਪਹਿਲੇ ਸਿੱਖ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰੜੇ ਸ਼ਬਦਾਂ 'ਚ ਨਖੇਧੀ ਕੀਤੀ ਗਈ ਹੈ। ਇਸ ਮੰਦਭਾਗੀ ਘਟਨਾ ਨੂੰ ਦੇਸ਼ ਵਿਦੇਸ਼ ਅੰਦਰ ਵੱਸਦੇ ਸਿੱਖਾਂ ਲਈ ਸਦਮੇ ਵਾਲੀ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਇਸ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੀ ਮੰਗ ਕੀਤੀ ਤੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕ ਕੇ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਤੁਰੰਤ ਰਾਬਤਾ ਬਣਾਏ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਅਮਰੀਕਾ ਅੰਦਰ ਸਿੱਖ ਦੀ ਹੱਤਿਆ ਨੂੰ ਅਫਸੋਸਨਾਕ ਦੱਸਿਆ ਹੈ। ਉਨ੍ਹਾਂ ਸਿੱਖ ਪੁਲਸ ਅਫਸਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਡਾ. ਰੂਪ ਸਿੰਘ ਨੇ ਕਿਹਾ ਕਿ ਦੁਨੀਆਂ ਅੰਦਰ ਸਿੱਖਾਂ ਨੇ ਆਪਣੇ ਸੱਭਿਆਚਾਰ ਦੀ ਅਮੀਰੀ ਤੇ ਸਖਤ ਮਿਹਨਤ ਸਦਕਾ ਇਕ ਵਿਲੱਖਣ ਪਛਾਣ ਸਾਹਮਣੇ ਲਿਆਂਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਈਰਖਾ ਕਰਨ ਵਾਲੇ ਲੋਕ ਸਿੱਖਾਂ ਨਾਲ ਘਿਰਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਪੁਲਸ ਅਫਸਰ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਬਦਲੇ ਗੋਲੀਆਂ ਮਾਰ ਕੇ ਮਾਰ ਦੇਣਾ ਕਿਥੋਂ ਤੱਕ ਜਾਇਜ਼ ਹੈ। ਅਮਰੀਕਾ ਸਰਕਾਰ ਨੂੰ ਇਸ ਬੇਹੱਦ ਦੁੱਖਮਈ ਘਟਨਾ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਉਥੇ ਵਸਦੇ ਹਰ ਸਿੱਖ ਦੀ ਸੁਰੱਖਿਆ ਨੂੰ ਲਾਜ਼ਮੀ ਬਣਾਉਣਾ ਚਾਹੀਦਾ ਹੈ।
ਹਰਿਆਣਾ ਚੋਣਾਂ : ਅਕਾਲੀ ਦਲ ਦੀ ਭਾਜਪਾ 'ਤੇ ਦਬਾਅ ਬਣਾਉਣ ਦੀ ਰਣਨੀਤੀ
NEXT STORY