ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1 ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਕੀਤੇ ਜਾਣ ਵਾਲੇ ਕੌਮਾਂਤਰੀ ਨਗਰ ਕੀਰਤਨ ਨੂੰ ਲੈ ਕੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਤੇ ਸੰਸਥਾਵਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਇਤਿਹਾਸਕ ਨਗਰ ਕੀਰਤਨ ਮੌਕੇ 1947 ਦੀ ਹੋਈ ਵੰਡ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਸਿੰਘ ਸਾਹਿਬਾਨ ਤੇ ਸਿੱਖ ਪੰਥ ਦੇ ਪ੍ਰਮੁੱਖ ਧਾਰਮਿਕ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ 'ਚ ਹੋਰ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਇਕੋ ਸਮੇਂ ਪਾਕਿਸਤਾਨ ਜਾਣਗੇ।
ਪਾਕਿਸਤਾਨ ਦੀ ਧਰਤੀ ਤੋਂ ਪਹਿਲੀ ਵਾਰ ਕਿਸੇ ਨਗਰ ਕੀਰਤਨ ਦੇ ਆਰੰਭ ਹੋਣ ਬਾਅਦ ਉਸ ਦੇ ਭਾਰਤ ਵਿਖੇ ਪੁੱਜ ਕੇ ਸੰਪੂਰਨ ਹੋਣ ਨੂੰ ਲੈ ਕੇ ਜਿਥੇ ਸਿੱਖ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਨਾਲ ਚੱਲ ਰਹੇ ਅਣਸੁਖਾਵੇਂ ਸਬੰਧਾਂ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਪ੍ਰਤੀ ਦਿਖਾਈ ਜਾ ਰਹੀ ਉਦਾਰਤਾ ਤੇ ਖੁੱਲ੍ਹਦਿਲੀ ਤੋਂ ਦੇਸ਼-ਵਿਦੇਸ਼ ਦਾ ਸਿੱਖ ਭਾਈਚਾਰਾ ਬਾਗੋਬਾਗ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਗਰ ਕੀਰਤਨ ਲਈ 525 ਦੇ ਕਰੀਬ ਵੀਜ਼ਿਆਂ ਲਈ ਪਾਕਿ ਸਰਕਾਰ ਵਲੋਂ ਹਰੀ ਝੰਡੀ ਮਿਲ ਚੁੱਕੀ ਹੈ ਤੇ ਆਉਂਦੇ ਦੋ ਦਿਨਾਂ ਤੱਕ ਵੀਜ਼ੇ ਲੱਗੇ ਪਾਸਪੋਰਟ ਮਿਲ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਲਈ ਪਾਕਿਸਤਾਨ ਜਾ ਕੇ ਅਗਾਊ ਪ੍ਰਬੰਧ ਕਰਨ ਹਿਤ ਸ਼੍ਰੋਮਣੀ ਕਮੇਟੀ ਦੇ 4 ਮੈਂਬਰੀ ਉੱਚ ਪੱਧਰੀ ਵਫ਼ਦ ਨੂੰ ਵੀਜ਼ੇ ਜਾਰੀ ਹੋ ਚੁੱਕੇ ਹਨ। ਇਹ ਉੱਚ ਪੱਧਰੀ ਵਫ਼ਦ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਗੁਰਮੀਤ ਸਿੰਘ ਬੂਹ ਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਸ਼ਾਮਲ ਹਨ, ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜ ਕੇ ਨਗਰ ਕੀਰਤਨ ਦੀਆਂ ਅਗਾਊ ਤਿਆਰੀਆਂ ਤੇ ਪਾਕਿ ਅਧਿਕਾਰੀਆਂ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਨ ਲਈ 27 ਜੁਲਾਈ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਹੋਣ ਦੀ ਸੰਭਾਵਨਾ ਹੈ।
ਗੋਬਿੰਦਗੜ੍ਹ ਕਿਲੇ ਦੇ ਅਜਾਇਬ ਘਰ ਲਈ ਹੁਣ ਲੱਗੇਗੀ ਟਿਕਟ
NEXT STORY