ਅੰਮ੍ਰਿਤਸਰ (ਅਨਜਾਣ) : ਕੋਰੋਨਾ ਲਾਗ ਨੂੰ ਲੈ ਕੇ ਕਰਫਿਊ ਤੇ ਤਾਲਾਬੰਦੀ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ 'ਚ ਪਹਿਲਾਂ ਨਾਲੋਂ ਵਾਧਾ ਹੁੰਦਾ ਦੇਖਿਆ ਗਿਆ। ਦਰਸ਼ਨੀ ਡਿਓੜੀ ਦੇ ਅੰਦਰ ਦਾ ਬਰਾਂਡਾ ਸਾਰਾ ਸੰਗਤਾਂ ਨਾਲ ਭਰਿਆ ਦਿਖਾਈ ਦਿੱਤਾ। ਪਰਿਕਰਮਾ 'ਚ ਵੀ ਸੰਗਤਾਂ ਦੀ ਚੰਗੀ ਚਹਿਲ-ਪਹਿਲ ਨਜ਼ਰ ਆਈ। ਸੇਵਾਦਾਰਾਂ ਵਲੋਂ ਸੰਗਤਾਂ ਨੂੰ ਬਾਂਸ ਲਗਾ ਕੇ ਵਾਰੀ ਸਿਰ ਅੰਦਰ ਦਰਸ਼ਨਾਂ ਲਈ ਜਾਣ ਦਿੱਤਾ ਜਾ ਰਿਹਾ ਸੀ ਤੇ ਦੂਸਰੇ ਪਾਸੇ ਜੋ ਸੰਗਤਾਂ ਦਰਸ਼ਨ ਕਰਨ ਉਪਰੰਤ ਕੀਰਤਨ ਸੁਣਨ ਲਈ ਬੈਠ ਜਾਂਦੀਆਂ ਸਨ ਉਨ੍ਹਾਂ ਨੂੰ ਹੌਲੀ-ਹੌਲੀ ਕਰਕੇ ਉਠਾਇਆ ਜਾ ਰਿਹਾ ਸੀ ਤਾਂ ਜੋ ਅੰਦਰ ਭੀੜ ਵੀ ਨਾ ਹੋਵੇ ਤੇ ਬਾਕੀ ਸੰਗਤਾਂ ਵੀ ਵਾਰੀ ਸਿਰ ਦਰਸ਼ਨ-ਦੀਦਾਰੇ ਕਰ ਸਕਣ। ਸੰਗਤਾਂ ਨੇ ਜੋੜੇ ਘਰ, ਪਰਿਕਰਮਾ ਦੇ ਇਸ਼ਨਾਨ, ਛਬੀਲ ਤੇ ਗੁਰੂ ਕੇ ਲੰਗਰ ਵਿਖੇ ਜਿੱਥੇ ਸੇਵਾ ਕੀਤੀ ਉਥੇ ਕੜਾਕੇ ਦੀ ਗਰਮੀ 'ਚ ਛਬੀਲ 'ਤੇ ਕੱਚੀ ਲੱਸੀ ਪੀਤੀ ਤੇ ਗੁਰੂ ਕੇ ਲੰਗਰ ਛਕੇ।
ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਕੀਰਤਨ ਉਪਰੰਤ ਹੋਈ ਸਰਬੱਤ ਦੇ ਭਲੇ ਦੀ ਅਰਦਾਸ
ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਰਾਗੀ ਸਿੰਘਾਂ ਤੇ ਸੰਗਤਾਂ ਨੇ ਰਲ ਮਿਲ ਕੇ ਕੀਰਤਨ ਕੀਤਾ। ਇਸ ਉਪਰੰਤ ਕੋਰੋਨਾ ਤੋਂ ਨਿਜਾਤ ਦਿਵਾਉਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗ੍ਰੰਥੀ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗ੍ਰੰਥੀ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਫੜ੍ਹ ਲੈਂਦਾ ਹੈ ਮੁਸੀਬਤਾਂ ਉਸ ਤੋਂ ਕੋਹਾਂ ਦੂਰ ਚਲੀਆਂ ਜਾਂਦੀਆਂ ਹਨ, ਜਿਸ ਨੂੰ ਉਸ ਇਕ ਪ੍ਰਮਾਤਮਾ ਦਾ ਸਹਾਰਾ ਹੈ ਉਹ ਕਦੇ ਵੀ ਨਹੀਂ ਡੋਲਦਾ। ਉਨ੍ਹਾਂ ਕਿਹਾ ਕਿ ਸੰਗਤਾਂ ਰੋਜ਼ ਆਪਣੇ ਘਰਾਂ 'ਚ ਸਵੇਰੇ ਜਪੁਜੀ ਸਾਹਿਬ ਤੇ ਸ਼ਾਮ ਰਹਰਾਸਿ ਸਾਹਿਬ ਜੀ ਦਾ ਪਾਠ ਕਰਕੇ ਕੋਰੋਨਾ ਲਾਗ ਤੋਂ ਨਿਜਾਤ ਪਾਉਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ।
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁਖ ਵਾਕ ਦੀ ਹੋਈ ਕਥਾ
ਅੰਮ੍ਰਿਤ ਵੇਲੇ ਦੇ ਮੁਖ ਵਾਕ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕੀਤੀ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 'ਚੋਂ ਜੈਤਸਰੀ ਮਹਲਾ 4 ਦੀ ਬਾਣੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ 'ਹੇ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ 'ਚ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵੱਸਿਆ ਹੈ। ਹੇ ਭਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ। ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉੱਤਰ ਗਿਆ।'
ਪੰਜਾਬ ਦੀ ਅਕਾਲੀ ਸਿਆਸਤ 'ਚ ਵੱਡਾ ਧਮਾਕਾ, ਰੱਖੜਾ ਨੇ ਢੀਂਡਸਾ ਦਾ ਸਾਥ ਦੇਣ ਦਾ ਕੀਤਾ ਐਲਾਨ
NEXT STORY