ਅੰਮ੍ਰਿਤਸਰ (ਦਲਜੀਤ ਸ਼ਰਮਾ)-ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਹੁਣ ਝੋਨੇ ਦੀ ਬੀਜਾਈ ਇਕ ਜੂਨ ਤੋਂ ਸ਼ੁਰੂ ਕਰਵਾਉਣ ਸਬੰਧੀ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਜੇਕਰ ਇਕ ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਪੰਜਾਬ ਦੇ ਹਜ਼ਾਰਾਂ ਕਿਸਾਨ ਆਪਣੇ ਕਿਸਾਨੀ ਧੰਦੇ ਨੂੰ ਬਚਾਉਣ ਲਈ ਸਖ਼ਤ ਅਦੋਲਨ ਕਰਨਗੇ। ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਇਸ ਸਬੰਧੀ ਮੰਗ-ਪੱਤਰ ਵੀ ਭੇਜਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਕਨਵੀਨਰ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਬੀਜਾਈ ਕਰਨ ਦਾ ਸਮਾਂ 20 ਜੂਨ ਨਿਰਧਾਰਿਤ ਕੀਤਾ ਗਿਆ ਹੈ ਪਰ ਉਕਤ ਸਮੇਂ ਦੌਰਾਨ ਲੱਗਣ ਵਾਲੇ ਝੋਨੇ ਸਬੰਧੀ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 20 ਜੂਨ ਤੋਂ ਬਾਅਦ ਨਾ ਤਾਂ ਲੇਬਰ ਮਿਲਦੀ ਹੈ ਅਤੇ ਝੋਨੇ ਦਾ ਝਾਡ਼ ਵੀ ਘੱਟ ਨਿਕਲਦਾ ਹੈ। ਕਣਕ ਦੀ ਬੀਜਾਈ ’ਤੇ ਵੀ ਇਸ ਦਾ ਅਸਰ ਪੈਂਦਾ ਹੈ। ਪਾਣੀ ਦੇ ਲਈ ਬਿਜਲੀ ਦਾ ਵੀ ਇਕ ਦਮ ਲੋਡ ਵੱਧ ਜਾਂਦਾ ਹੈ। ਛੀਨਾ ਨੇ ਕਿਹਾ ਕਿ ਜੇਕਰ ਸਰਕਾਰ ਇਕ ਜੂਨ ਤੋਂ ਝੋਨੇ ਦੀ ਬੀਜਾਈ ਦਾ ਕੰਮ ਸ਼ੁਰੂ ਨਹੀਂ ਕਰਵਾਉਂਦੀ ਤਾਂ ਜਥੇਬੰਦੀਆਂ ਨੂੰ ਕਿਸਾਨੀ ਧੰਦੇ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਵੇਗਾ। ਸਰਕਾਰ ਨੂੰ ਇਸ ਸਬੰਧੀ ਅੱਜ ਯਾਦ ਪੱਤਰ ਦਿੱਤੇ ਜਾ ਰਹੇ ਹਨ ਤਾਂ ਜੋ ਸਮਾਂ ਰਹਿੰਦਿਆਂ ਹੀ ਸਰਕਾਰ ਲੋਡ਼ੀਂਦੇ ਪ੍ਰਬੰਧ ਕਰ ਸਕੇ। ਇਸ ਮੌਕੇ ਬੀ.ਕੇ.ਯੂ. ਉਗਰਾਹਾਂ ਦੇ ਜ਼ਿਲਾ ਪ੍ਰਧਾਨ ਡਾ. ਕੁਲਦੀਪ ਸਿੰਘ ਮੱਦੀਪੁਰ, ਕਿਸਾਨ ਸੰਘਰਸ਼ ਕਮੇਟੀ ਕੰਵਲਪ੍ਰੀਤ ਪਨੂੰ ਦੇ ਬਚਿੱਤਰ ਸਿੰਘ ਕੋਟਲਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੁਬੇਗ ਸਿੰਘ ਪੰਡੋਰੀ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਘਡ਼ਿਆਲ ਆਦਿ ਮੌਜੂਦ ਸਨ।
ਅਕਾਲੀ ਮਾਰਕੀਟ ਵਿਚ ਦੁਕਾਨ ਨੂੰ ਲੱਗੀ ਅੱਗ
NEXT STORY