ਅੰਮ੍ਰਿਤਸਰ : ਐਤਵਾਰ ਸਵੇਰੇ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ 'ਚ ਸਥਿਤ ਨਿਰੰਕਾਰੀ ਭਵਨ ਵਿਚ ਹੋਏ ਗ੍ਰਨੇਡ ਹਮਲੇ ਵਿਚ ਪੁਲਸ ਸਤਿਕਾਰ ਕਮੇਟੀ ਅਤੇ ਹੋਰ ਗਰਮ-ਖਿਆਲੀ ਧਿਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਘਟਨਾ ਸਥਾਨ 'ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਐੱਨ. ਆਈ. ਏ. ਦੀ ਟੀਮ ਅਤੇ ਫੋਰੈਂਸਿਕ ਟੀਮਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਸਤਿਕਾਰ ਕਮੇਟੀ ਅਤੇ ਨਿਰੰਕਾਰੀ ਮਿਸ਼ਨ ਦੇ ਕੁਝ ਮੈਂਬਰਾਂ ਵਿਚਾਲੇ ਖਿੱਚੋ-ਤਾਣ ਚੱਲਦੀ ਰਹੀ ਸੀ, ਪੁਲਸ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਕਿ ਸਤਿਕਾਰ ਕਮੇਟੀ ਦੀ ਇਸ ਕਾਂਡ ਵਿਚ ਕੋਈ ਭੂਮਿਕਾ ਤਾਂ ਨਹੀਂ ਰਹੀ। ਸੁਪਰੀਟੈਂਡੈਂਟ ਆਫ ਪੁਲਸ ਹਰਪਾਲ ਸਿੰਘ ਨੇ ਕਿਹਾ ਹੈ ਕਿ ਨਿਰੰਕਾਰੀ ਪੈਰੋਕਾਰ ਪਿੰਡ ਟਪਿਆਲਾ ਵਿਚ ਇਕ ਹੋਰ ਸਤਿਸੰਗ ਭਵਨ ਉਸਾਰਣਾ ਚਾਹੁੰਦੇ ਸਨ ਜਿਸ ਦਾ ਸਤਿਕਾਰ ਕਮੇਟੀ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਐਤਵਾਰ ਨੂੰ ਪਿੰਡ ਅਦਲੀਵਾਲਾ ਵਿਚ ਨਿਰੰਕਾਰੀ ਸਤਿਸੰਗ ਭਵਨ ਵਿਚ ਹੋਏ ਗ੍ਰਨੇਡੇ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 21 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਫਿਲਹਾਲ ਐੱਨ. ਆਈ. ਏ. ਵਲੋਂ ਇਸ ਸਾਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਕ ਕਿਲੋ 500 ਗ੍ਰਾਮ ਹੈਰੋਇਨ ਸਮੇਤ ਨਾਈਜੀਰੀਅਨ ਨੌਜਵਾਨ ਕਾਬੂ
NEXT STORY