ਜਲੰਧਰ (ਜਸਪ੍ਰੀਤ) — ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਬ ਇੰਸਪੈਕਟਰ ਰਮਨਦੀਪ ਸਿੰਘ, ਮੁੱਖ ਅਫਸਰ ਥਾਣਾ ਮਕਸੂਦਾਂ ਨੇ ਨਾਈਜੀਰੀਅਨ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਣਕਾਰੀ ਦਿੰਦੇ ਹੋਏ ਪੀ .ਪੀ. ਐੱਸ. ਸੀਨੀਅਰ ਪੁਲਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਸਬ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਸਮੇਤ ਸਾਥੀ ਕਰਮਚਾਰੀਆਂ ਨੇ ਰਾਓਵਾਲੀ ਮੋੜ ਜੀ. ਟੀ. ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੈਲਵਿਨ ਅਮਾਸ ਇਕਬੈਨਸ਼ਨ ਪੁੱਤਰ ਅਮਾਸ ਵਾਸੀ ਬੈਨਿਨ ਸਿਟੀ ਨਾਈਜੀਰੀਅਰਨ ਦਿੱਲੀ ਤੋਂ ਵੱਡੀ ਮਾਤਰਾ 'ਚ ਹੈਰੋਇਨ ਦੀ ਖੇਪ ਲੈ ਕੇ ਜਲੰਧਰ 'ਚ ਗਾਹਕਾਂ ਦੀ ਭਾਲ 'ਚ ਆ ਰਿਹਾ ਸੀ। ਜੇਕਰ ਸਰਮਸਤਪੁਰ ਪੁਲ ਨੇੜੇ ਨਾਕਾਬੰਦੀ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਪੁੱਲ ਨੇੜੇ ਨਾਕਾਬੰਦੀ ਕੀਤੀ ਤਾਂ ਬੱਸ ਵਿਚੋਂ ਇਕ ਵਿਦੇਸ਼ੀ ਆਦਮੀ ਉਤਰਿਆ ਅਤੇ ਟਹਿਲਦਾ ਦਿਖਾਈ ਦਿੱਤਾ। ਸ਼ੱਕ ਪੈਣ 'ਤੇ ਉਸ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲੈਣ ਦੌਰਾਨ ਉਸ ਦੇ ਕੋਲੋਂ 1 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ।
ਦੋਸਤੀ ਦੇ ਚੱਕਰ 'ਚ ਹੈਰੋਇਨ ਦੇ ਧੰਦੇ ਦੀ ਕੀਤੀ ਸ਼ੁਰੂਆਤ
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਕੈਲਵਿਨ ਅਮਾਸ ਇਕਬੈਨਸਨ ਨੇ ਦੱਸਿਆ ਕਿ ਉਹ ਨਾਈਜੀਰੀਆ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਉਹ ਚੰਦਾ ਵਿਹਾਰ ਨਵੀਂ ਦਿੱਲੀ ਵਿਖੇ ਰਹਿੰਦਾ ਹੈ। ਉਸ ਨੇ ਐਡਮਿਸਟਰੇਸ਼ਨ ਦਾ ਡਿਪਲੋਮਾ ਕੀਤਾ ਹੋਇਆ ਹੈ। ਅੱਗੇ ਦੱਸਦੇ ਹੋਏ ਉਸ ਨੇ ਕਿਹਾ ਕਿ ਉਹ ਆਪਣੇ ਵੱਡੇ ਭਰਾ ਅਤੇ ਭੈਣ ਨਾਲ ਵੱਡੇ ਭਰਾ ਦੇ ਦਿਲ ਦਾ ਇਲਾਜ ਕਰਵਾਉਣ ਲਈ ਮਾਰਚ 2016 'ਚ ਦਿੱਲੀ 'ਚ ਆਇਆ ਸੀ। ਉਸ ਦਾ ਵੱਡਾ ਭਰਾ ਅਤੇ ਭੈਣ ਬੈਂਗਲੁਰੂ ਵਿਖੇ ਚਲੇ ਗਏ ਸਨ ਅਤੇ ਖੁਦ ਉਹ ਦਿੱਲੀ 'ਚ ਰਹਿ ਰਿਹਾ ਸੀ। ਇਸੇ ਦੌਰਾਨ ਉਸ ਦੀ ਦੋਸਤੀ ਈਬੋ ਅਤੇ ਵਿਟਸਨ ਨਾਲ ਹੋ ਗਈ ਜੋ ਕਿ ਉਹ ਦੋਵੇਂ ਹੈਰੋਇਨ ਦਾ ਧੰਦਾ ਕਰਦਾ ਸਨ। ਉਨ੍ਹਾਂ ਨਾਲ ਮਿਲ ਕੇ ਉਹ ਵੀ ਹੈਰੋਇਨ ਦਾ ਧੰਦਾ ਕਰਨ ਲੱਗ ਗਿਆ। ਫਿਲਹਾਲ ਮਕਸੂਦਾਂ ਪੁਲਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਪੂਰਥਲਾ 'ਚ ਹਾਦਸਾ, ਮਸ਼ੀਨ ਹੇਠਾਂ ਆਉਣ ਕਾਰਨ 2 ਕਰਮਚਾਰੀਆਂ ਦੀ ਮੌਤ
NEXT STORY