ਅੰਮ੍ਰਿਤਸਰ (ਦਲਜੀਤ) : ਸਿਹਤ ਵਿਭਾਗ ਵਲੋਂ ਜੌੜਾ ਫਾਟਕ ਨਜ਼ਦੀਕ ਮੋਹਕਮਪੁਰਾ ਇਕ ਘਰ 'ਚ ਦੇਰ ਰਾਤ ਛਾਪੇਮਾਰੀ ਕਰਦਿਆਂ ਗਰਭਪਾਤ ਕਰਨ ਵਾਲੀ ਇਕ ਦਾਈ ਸਮੇਤ ਮਰੀਜ਼ ਨੂੰ ਤਕਰੀਬਨ ਤਿੰਨ ਮਹੀਨੇ ਦੇ ਭਰੂਣ ਸਮੇਤ ਫੜਿਆ ਹੈ। ਵਿਭਾਗ ਵਲੋਂ ਕਾਰਵਾਈ ਕਰਦਿਆਂ ਦਾਈ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ, ਜਦਕਿ ਮਰੀਜ਼ ਦੀ ਹਾਲਤ ਨਾਜ਼ੁਕ ਹੋਣ ਕਾਰਣ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ 'ਚ ਦਾਖਲ ਕਰਵਾਇਆ ਗਿਆ। ਵਿਭਾਗ ਵਲੋਂ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਆਰ. ਐੱਸ. ਸੇਠੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਰਸੂਲਪੁਰ ਕੱਲਰ ਨੇੜੇ ਜੌੜਾ ਫਾਟਕ, ਮੋਹਕਮਪੁਰਾ ਵਿਖੇ ਅਮਰੀਕ ਕੌਰ ਪਤਨੀ ਪੂਰਨ ਸਿੰਘ ਨਾਂ ਦੀ ਦਾਈ ਗਰਭਪਾਤ ਕਰ ਰਹੀ ਹੈ। ਵਿਭਾਗ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੀਤੀ ਰਾਤ 12 ਵਜੇ ਦੇ ਕਰੀਬ ਤੁਰੰਤ ਡਾ. ਸੇਠੀ ਦੀ ਅਗਵਾਈ 'ਚ ਡਾ. ਨਿਰਮਲ ਸਿੰਘ ਸੀਨੀਅਰ ਮੈਡੀਕਲ ਅਫਸਰ (ਸੀ. ਐੱਚ. ਸੀ. ਮਾਨਾਵਾਲਾ), ਡਾ. ਭਾਰਤੀ ਧਵਨ ਮੈਡੀਕਲ ਅਫਸਰ (ਯੂ. ਪੀ. ਐੱਸ. ਸੀ. ਰਣਜੀਤ ਐਵੀਨਿਊ), ਹਰਸਿਮਰਤ ਕੌਰ ਐੱਸ. ਆਈ. ਮੋਹਕਮਪੁਰਾ ਤੇ ਪੁਲਸ ਪਾਰਟੀ ਸ਼ਾਮਲ ਕਰਦਿਆਂ ਕਮੇਟੀ ਗਠਿਤ ਕੀਤੀ ਗਈ। ਟੀਮ ਵਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ 'ਤੇ ਅਮਰੀਕ ਕੌਰ ਦਾਈ ਨੂੰ ਭਰੂਣ ਹੱਤਿਆ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਅਤੇ ਐਮਰਜੈਂਸੀ ਹਾਲਾਤ ਨੂੰ ਵੇਖਦਿਆਂ ਹੋਇਆਂ ਮਰੀਜ਼ ਬਲਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਪਿੰਡ ਲਾਲਪੁਰਾ ਜ਼ਿਲਾ ਤਰਨਤਾਰਨ ਨੂੰ ਮੁੱਢਲੀ ਸਿਹਤ ਸਹਾਇਤਾ ਦੇ ਕੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਿਲ ਕਰਵਾਇਆ ਗਿਆ। ਮੌਕੇ 'ਤੇ ਗਰਭ 'ਚ ਪਲ ਰਿਹਾ ਭਰੂਣ, ਖੂਨ ਨਾਲ ਲਥਪਥ ਹੋਏ ਕੱਪੜੇ, ਭਰੂਣ ਹੱਤਿਆ ਕਰਨ ਵਾਲੇ ਔਜ਼ਾਰ ਅਤੇ ਦਵਾਈਆਂ ਬਰਾਮਦ ਕੀਤੀਆਂ ਗਈਆਂ। ਮੌਕੇ 'ਤੇ ਕਾਰਵਾਈ ਕਰਦਿਆਂ ਪੁਲਸ ਟੀਮ ਵੱਲੋਂ ਉਕਤ ਦਾਈ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਕੇਸ ਦਰਜ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਆਰ. ਐੱਸ. ਸੇਠੀ ਵਲੋਂ ਅਜਿਹੇ ਭਰੂਣ ਹੱਤਿਆ ਕਰਨ ਵਾਲੀਆਂ ਦਾਈਆਂ, ਹਸਪਤਾਲਾਂ ਆਦਿ ਨੂੰ ਸਖਤ ਤਾੜਨਾ ਕੀਤੀ ਗਈ ਕਿ ਕੋਈ ਵੀ ਅਜਿਹਾ ਕੰਮ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ। ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸੇਠੀ ਨੇ ਕਿਹਾ ਕਿ ਜ਼ਿਲੇ 'ਚ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਉਕਤ ਐਕਟ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸਖਤੀ ਨਾਲ ਨਜਿੱਠਿਆ ਜਾਵੇਗਾ। ਡਾ. ਸੇਠੀ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਦਕਿ ਸਿਹਤ ਵਿਭਾਗ ਵੱਲੋਂ ਵੇਖਿਆ ਜਾ ਰਿਹਾ ਹੈ ਕਿ ਉਕਤ ਕੇਸ 'ਚ ਕਿਸ ਅਲਟਰਾਸਾਊਂਡ ਸੈਂਟਰ 'ਚ ਲਿੰਗ ਨਿਰਧਾਰਨ ਟੈਸਟ ਹੋਇਆ ਹੈ। ਭਰੂਣ ਨੂੰ ਸੀਲ ਕੀਤਾ ਹੋਇਆ ਹੈ ਜੋ ਕਿ ਪੁਲਸ ਦੇ ਕਬਜ਼ੇ 'ਚ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਦਰਿੰਦਿਆਂ ਨੇ ਗਾਂ ਨੂੰ ਵੀ ਨਹੀਂ ਬਖਸ਼ਿਆ
ਮੇਲੇ 'ਚ ਆਉਣ ਵਾਲੀ ਸੰਗਤ ਲਈ ਪ੍ਰਸ਼ਾਸਨ ਤੇ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ
NEXT STORY