ਅੰਮ੍ਰਿਤਸਰ (ਨੀਰਜ) : ਸੁਰੱਖਿਆ ਦੇ ਲਿਹਾਜ਼ ਤੋਂ ਅਤਿ-ਸੰਵੇਦਨਸ਼ੀਲ ਮੰਨੇ ਜਾਣ ਵਾਲੇ ਸੈਨਾ ਦੇ ਜੀ. ਜੀ. ਫੋਰਟ (ਕਿਲਾ ਗੋਬਿੰਦਗੜ੍ਹ) ਦੇ ਸਾਹਮਣੇ ਝੁੱਗੀ-ਝੌਂਪੜੀ ਬਸਤੀ ਵਸਾਏ ਬੰਗਲਾਦੇਸ਼ੀ ਭਿਖਾਰੀਆਂ ਦਾ ਮਾਮਲਾ 'ਜਗ ਬਾਣੀ' ਵਲੋਂ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸੈਨਾ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦਰਜਨਾਂ ਦੀ ਗਿਣਤੀ 'ਚ ਝੁੱਗੀ-ਝੌਂਪੜੀਆ ਬਣਾ ਕੇ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰ ਕੇ ਬੈਠੇ ਬੰਗਲਾਦੇਸ਼ੀ ਭਿਖਾਰੀਆਂ ਨੂੰ ਫੌਜ ਦੇ ਅਧਿਕਾਰੀਆਂ ਨੇ ਕਬਜ਼ੇ ਹਟਾਉਣ ਲਈ ਇਕ ਦਿਨ ਦਾ ਅਲਟੀਮੇਟਮ ਦੇ ਦਿੱਤਾ ਹੈ, ਜੇਕਰ ਇਸ ਮਿਆਦ ਵਿਚ ਭਿਖਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਝੁੱਗੀ-ਝੌਂਪੜੀਆਂ ਨੂੰ ਨਾ ਹਟਾਇਆ ਤਾਂ ਫੌਜ ਵੱਲੋਂ ਐਕਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਜਿਸ ਜ਼ਮੀਨ 'ਤੇ ਬੰਗਲਾਦੇਸ਼ੀ ਭਿਖਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ, ਉਹ ਜ਼ਮੀਨ ਵੀ ਫੌਜ ਦੀ ਹੀ ਹੈ। ਇਸ ਜ਼ਮੀਨ 'ਤੇ ਕਿਵੇਂ ਹੌਲੀ-ਹੌਲੀ ਕਬਜ਼ਾ ਹੁੰਦਾ ਗਿਆ, ਇਹ ਵੀ ਇਕ ਸਵਾਲ ਹੈ। ਫਿਲਹਾਲ ਕਿਲਾ ਗੋਬਿੰਦਗੜ੍ਹ ਵਿਚ ਹਾਲ ਹੀ 'ਚ ਆਈ ਫੌਜ ਦੀ ਬਟਾਲੀਅਨ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਹੈ। ਉਂਝ ਵੀ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵੀ ਪਹਿਲਾਂ ਤੋਂ ਹੀ ਪੰਜਾਬ ਵਿਚ ਫੌਜੀ ਟਿਕਾਣਿਆਂ 'ਤੇ ਤੀਸਰੇ ਹਮਲੇ ਦਾ ਅਲਰਟ ਚੱਲ ਰਿਹਾ ਹੈ, ਜਿਸ ਨੂੰ ਦੇਖਦਿਆਂ ਫੌਜ ਪੂਰੀ ਤਰ੍ਹਾਂ ਅਲਰਟ ਹੈ।
ਸਾਬਕਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਾਹਨ ਸਿੰਘ ਪੰਨੂ ਵੱਲੋਂ ਸ਼ੁਰੂ ਕੀਤੀ ਰੈਣ ਬਸੇਰਾ ਯੋਜਨਾ ਪ੍ਰਸ਼ਾਸਨ ਵੱਲੋਂ ਭਿਖਾਰੀਆਂ ਅਤੇ ਸੜਕਾਂ 'ਤੇ ਬੈਠੇ ਬੇਸਹਾਰਾ ਲੋਕਾਂ ਲਈ ਚਲਾਈ ਜਾ ਰਹੀ ਹੈ, ਜਿਸ ਵਿਚ ਖਾਣ-ਪੀਣ ਤੋਂ ਲੈ ਕੇ ਦਵਾਈਆਂ ਤੱਕ ਦੀ ਸੇਵਾ ਫ੍ਰੀ ਦਿੱਤੀ ਜਾ ਰਹੀ ਹੈ ਪਰ ਭਿਖਾਰੀ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਨੂੰ ਤਿਆਰ ਨਹੀਂ ਹਨ। ਇਸ ਦੇ ਪਿੱਛੇ ਕਾਰਣ ਇਹੀ ਹਨ ਕਿ ਇਹ ਲੋਕ ਭੀਖ ਮੰਗਣ ਦਾ ਕੰਮ ਕਰਦੇ ਹਨ, ਨਸ਼ਾ ਕਰਦੇ ਹਨ ਅਤੇ ਅਪਰਾਧਿਕ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹਨ ਜਾਂ ਫਿਰ ਪਾਕਿਸਤਾਨ ਲਈ ਜਾਸੂਸੀ ਜਿਹੇ ਕੰਮ ਕਰਦੇ ਹਨ।
ਜਸਟਿਸ ਮੇਹਰ ਚੰਦ ਮਹਾਜਨ ਫਾਊਂਡੇਸ਼ਨ ਦੇ ਪ੍ਰਧਾਨ ਸੰਜੇ ਸਾਗਰ ਗੁਪਤਾ ਨੇ ਦੱਸਿਆ ਕਿ ਇਕ ਸੈਨਿਕ ਕਿਲੇ ਦੇ ਸਾਹਮਣੇ ਦਰਜਨਾਂ ਦੀ ਗਿਣਤੀ 'ਚ ਬੰਗਲਾਦੇਸ਼ੀ ਭਿਖਾਰੀ ਝੁੱਗੀ-ਝੌਂਪੜੀਆਂ ਬਣਾ ਲੈਂਦੇ ਹਨ, ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰ ਦਿੰਦੇ ਹਨ, ਇਹ ਸਭ ਪੁਲਸ ਅਤੇ ਪ੍ਰਸ਼ਾਸਨ ਦੀ ਨਾਲਾਇਕੀ ਦਾ ਜਿਊਂਦਾ-ਜਾਗਦਾ ਸਬੂਤ ਹੈ। ਕੀ ਇਲਾਕੇ ਦੀ ਪੁਲਸ ਨੂੰ ਇਨ੍ਹਾਂ ਬੰਗਲਾਦੇਸ਼ੀ ਭਿਖਾਰੀਆਂ ਦੀਆਂ ਝੌਂਪੜੀਆਂ ਨਜ਼ਰ ਨਹੀਂ ਆ ਰਹੀਆਂ, ਜਦਕਿ ਇਨ੍ਹਾਂ ਝੌਂਪੜੀਆਂ ਕੋਲ ਪੰਜਾਬ ਪੁਲਸ ਦੀ ਇਕ ਟੀਮ ਸਥਾਈ ਤੌਰ 'ਤੇ ਤਾਇਨਾਤ ਰਹਿੰਦੀ ਹੈ। ਬੰਗਲਾਦੇਸ਼ੀ ਭਿਖਾਰੀ ਇਥੇ ਕਿਵੇਂ ਆਏ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਦੇਸ਼ ਦੇ ਜਵਾਨਾਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ 'ਤੇ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।
ਕਾਰਗਿੱਲ ਦੇ ਸ਼ਹੀਦ ਦਾ ਪਰਿਵਾਰ 19 ਸਾਲ ਤੋਂ ਖਾ ਰਿਹੈ ਦਰ-ਦਰ ਦੀਆਂ ਠੋਕਰਾਂ
NEXT STORY