ਅੰਮ੍ਰਿਤਸਰ (ਕੱਕੜ) : 2 ਪੱਕੀਆਂ ਸਹੇਲੀਆ ਜੋ ਭਾਰਤ-ਪਾਕਿ ਵੰਡ ਦੇ ਸਮੇਂ ਇਕ-ਦੂਜੇ ਤੋਂ ਵਿਛੜ ਗਈਆਂ ਅਤੇ ਜਿਨ੍ਹਾਂ ਕੋਲ ਝੁਮਕੇ ਦੀ ਜੋੜੀ ਦਾ ਇਕ-ਇਕ ਝੁਮਕਾ ਸੀ, ਕੀ ਇਹ ਝੁਮਕਾ ਉਨ੍ਹਾਂ ਦੋਵਾਂ ਨੂੰ ਇਕ ਵਾਰ ਮੁੜ ਤੋਂ ਮਿਲਾ ਸਕੇਗਾ। ਵੰਡ ਦੀ ਤ੍ਰਾਸਦੀ 'ਚ ਮਾਨਵੀ ਰਿਸ਼ਤਿਆਂ ਦੀ ਇਹ ਕਹਾਣੀ ਇਸ ਸਮੇਂ ਟਵਿਟਰ 'ਤੇ ਆਈ ਹੈ ਅਤੇ ਟਵਿਟਰ ਯੂਜ਼ਰ ਨੂੰ ਅਪੀਲ ਕੀਤੀ ਗਈ ਹੈ ਕਿ ਦੋਵਾਂ ਸਹੇਲੀਆਂ ਨੂੰ ਫਿਰ ਤੋਂ ਮਿਲਾਉਣ 'ਚ ਉਹ ਮਦਦ ਕਰਨ।

ਇਸ ਸਬੰਧੀ ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸ ਕਹਾਣੀ ਨੂੰ ਟਵਿਟਰ 'ਤੇ ਭਾਰਤੀ ਇਤਿਹਾਸਕਾਰ ਅਤੇ ਲੇਖਿਕਾ ਆਂਚਲ ਮਲਹੋਤਰਾ ਨੇ ਸਾਂਝਾ ਕੀਤਾ ਹੈ। ਇਹ ਕਹਾਣੀ ਆਂਚਲ ਦੀ ਇਕ ਵਿਦਿਆਰਥਣ ਨੂਪੁਰ ਮਰਵਾਹ ਤੇ ਉਸ ਦੀ ਦਾਦੀ ਅਤੇ ਦਾਦੀ ਦੀ ਵਿਛੜ ਗਈ ਇਕ ਸਹੇਲੀ ਦੀ ਹੈ। ਨੂਪੁਰ ਦੀ ਦਾਦੀ ਆਪਣੀ ਸਹੇਲੀ ਤੋਂ ਭਾਰਤ ਵੰਡ ਦੇ ਸਮੇਂ ਵਿਛੜ ਗਈ ਸੀ। ਵਿਛੜਣ ਸਮੇਂ ਦੋਵਾਂ ਸਹੇਲੀਆਂ ਨੇ ਸੋਨੇ ਦੇ ਝੁਮਕੇ ਦੀ ਜੋੜੀ ਦੇ ਇਕ-ਇਕ ਝੁਮਕੇ ਨੂੰ ਆਪਣੀ ਦੋਸਤੀ ਦੀ ਕਦੇ ਨਾ ਮਿਟਣ ਵਾਲੀ ਯਾਦਗਾਰ ਦੇ ਤੌਰ 'ਤੇ ਆਪਣੇ ਕੋਲ ਰੱਖ ਲਿਆ ਸੀ। ਆਂਚਲ ਨੇ ਲਿਖਿਆ ਹੈ ਕਿ ਨੂਪੁਰ ਦੀ ਦਾਦੀ ਕਿਰਨ ਬਾਲਾ ਮਾਰਵਾਹ 1947 'ਚ 5 ਸਾਲ ਦੀ ਸੀ ਅਤੇ ਉਨ੍ਹਾਂ ਦੀ ਸਹੇਲੀ ਨੂਰੀ ਰਹਿਮਾਨ 6 ਸਾਲ ਦੀ। ਦੋਵਾਂ ਦਾ ਸਬੰਧ ਜੰਮੂ-ਕਸ਼ਮੀਰ ਦੇ ਪੁੰਛ ਤੋਂ ਸੀ। ਪਾਕਿਸਤਾਨ ਬਣਨ ਤੋਂ ਬਾਅਦ ਨੂਰੀ ਅਤੇ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਦੋਵਾਂ ਸਹੇਲੀਆਂ ਦੇ ਵਿਛੜਣ ਦਾ ਸਮਾਂ ਆਇਆ ਤਾਂ ਦੋਵਾਂ ਨੇ ਆਪਣੀ ਦੋਸਤੀ ਦੀ ਯਾਦ 'ਚ ਝੁਮਕੇ ਦੀ ਇਕ ਜੋੜੀ ਦੇ ਇਕ-ਇਕ ਝੁਮਕੇ ਨੂੰ ਆਪਣੇ ਕੋਲ ਰੱਖ ਲਿਆ। ਦੋਸਤ ਚੱਲੀ ਗਈ, ਦੋਸਤੀ ਰਹਿ ਗਈ।

ਆਂਚਲ ਨੇ ਕਈ ਟਵੀਟਸ 'ਚ ਇਹ ਕਹਾਣੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਕ ਟਵੀਟ 'ਚ ਲਿਖਿਆ ਕਿ ਅੱਥਰੂ ਨਾਲ ਭਰੀਆਂ ਅੱਖਾਂ ਨਾਲ ਕਿਰਨ ਨੇ ਕਿਹਾ ਕਿ ਦਹਾਕੇ ਪਹਿਲਾਂ ਵਿਛੜ ਜਾਣ ਵਾਲੀ ਸਹੇਲੀ ਦੀ ਯਾਦ 'ਚ ਹੀ ਉਨ੍ਹਾਂ ਨੇ ਪੋਤੀ ਦਾ ਨਾਂ ਨੂਪੁਰ ਰੱਖਿਆ, ਨੂਪੁਰ ਨੇ ਕਿਹਾ ਕਿ ਇਸ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਦਾਦੀ ਕਿਉਂ ਉਸ ਨੂੰ ਕਈ ਵਾਰ ਨੂਰੀ ਕਹਿ ਕੇ ਬੁਲਾਉਂਦੀ ਹੈ। ਆਂਚਲ ਨੇ ਟਵੀਟ 'ਚ ਪਾਕਿਸਤਾਨ ਦੇ ਟਵਿਟਰ ਯੂਜ਼ਰ ਨੂੰ ਅਪੀਲ ਕੀਤੀ ਹੈ ਕਿ ਉਹ ਝੁਮਕੇ ਦੀ ਇਸ ਜੋੜੀ ਨੂੰ ਅਤੇ ਸਹੇਲੀਆਂ ਨੂੰ ਇਕ-ਦੂਜੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨ, ਕ੍ਰਿਪਾ ਕਰ ਕੇ ਨੂਰੀ ਅਤੇ ਕਿਰਨ ਨੂੰ ਇਕ ਵਾਰ ਫਿਰ ਮਿਲਾਉਣਾ ਚਾਹੀਦਾ ਹੈ।
ਜ਼ੋਮਾਟੋ ਤੋਂ ਆਰਡਰ ਕੀਤੇ ਡੋਸੇ ਨੂੰ ਚਾਅ ਨਾਲ ਖਾ ਰਹੇ ਸਨ ਬੱਚੇ ਕਿ ਵਿਚੋਂ ਨਿਕਲੀ...(ਵੀਡੀਓ)
NEXT STORY