ਅੰਮ੍ਰਿਤਸਰ (ਨੀਰਜ) - ਜ਼ਿਲੇ ਵਿਚ ਮਾਮੂਲੀ ਝੜੱਪਾਂ ਦੌਰਾਨ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਜ਼ਿਲਾ ਚੋਣ ਅਫ਼ਸਰ ਦੇ ਦਫ਼ਤਰ ਵੱਲੋਂ ਜਾਰੀ ਸੂਚੀ ਅਨੁਸਾਰ ਨਗਰ ਨਿਗਮ ਦੀਆਂ 85 ਸੀਟਾਂ ’ਤੇ ਚੋਣ ਨਤੀਜੇ ਐਲਾਨੇ ਗਏ ਹਨ, ਜਿਸ ਵਿਚ ਕਾਂਗਰਸ 43 ਸੀਟਾਂ ’ਤੇ ਜੇਤੂ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਨੂੰ ਸਿਰਫ਼ 24 ਸੀਟਾਂ ਹੀ ਮਿਲੀਆਂ ਹਨ, ਜਿਸ ਦੇ ਮੁਕਾਬਲੇ ਭਾਜਪਾ 9 ਸੀਟਾਂ ਲੈ ਕੇ ਤੀਸਰੇ ਨੰਬਰ ’ਤੇ ਰਹੀ, ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 4 ਸੀਟਾਂ ਅਤੇ ਆਜ਼ਾਦ ਉਮੀਦਵਾਰਾਂ ਨੇ 5 ਸੀਟਾਂ ਜਿੱਤੀਆਂ।
ਚੋਣ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਨੇ 245 ਬੂਥਾਂ ਨੂੰ ਅਤਿ-ਸੰਵੇਦਨਸ਼ੀਲ ਅਤੇ 307 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਸੀ, ਜਿਨ੍ਹਾਂ ’ਤੇ ਵਿਸ਼ੇਸ਼ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਸਥਿਤੀ ਇਹ ਸੀ ਕਿ ਜ਼ਿਲਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਪੋਲਿੰਗ ਬੂਥਾਂ ਦੀ ਚੈਕਿੰਗ ਕਰਦੇ ਰਹੇ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਉਂਦੇ ਨਜ਼ਰ ਆਏ। ਅੰਮ੍ਰਿਤਸਰ ਸ਼ਹਿਰ ਵਿਚ ਕਰੀਬ 44.5 ਫੀਸਦੀ ਵੋਟਿੰਗ ਹੋਈ, ਜਦੋਂਕਿ ਅੰਮ੍ਰਿਤਸਰ ਦਿਹਾਤੀ ਵਿਚ ਕਰੀਬ 63.14 ਫੀਸਦੀ ਵੋਟਿੰਗ ਹੋਈ। ਉਹ ਵੀ ਸਵਾਲ ਖੜੇ ਕਰ ਰਿਹਾ ਹੈ, ਹਾਲਾਂਕਿ ਕਈ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਵਾਰ ਵੋਟਰਾਂ ਦੇ ਵਾਰਡ ਬਦਲਣ ਕਾਰਨ ਘੱਟ ਵੋਟਿੰਗ ਹੋਈ ਅਤੇ ਵੋਟਰਾਂ ਨੂੰ ਆਪਣੀ ਵੋਟ ਲੱਭਣ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
7 ਸਾਲ ਪਹਿਲਾਂ 2017 ਵਿਚ ਹੋਈ ਸੀ 53 ਫੀਸਦੀ ਵੋਟਿੰਗ
ਨਗਰ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 7 ਸਾਲ ਪਹਿਲਾਂ ਸਾਲ 2017 ਵਿਚ 17 ਦਸੰਬਰ ਨੂੰ ਵੋਟਿੰਗ ਹੋਈ ਸੀ, ਜਿਸ ਵਿਚ 53 ਫੀਸਦੀ ਵੋਟਿੰਗ ਹੋਈ ਸੀ ਅਤੇ ਉਸ ਸਮੇਂ 7.76 ਲੱਖ ਵੋਟਰ ਸਨ ਪਰ ਇਸ ਵਾਰ 8.46 ਲੱਖ ਵੋਟਰ ਸਨ। ਇਸ ਦੇ ਬਾਵਜੂਦ 45 ਫੀਸਦੀ ਦੇ ਆਸ-ਪਾਸ ਮਤਦਾਨ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਹਾਲਾਂਕਿ ਇਸ ਵਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ 811 ਪੋਲਿੰਗ ਬੂਥਾਂ ’ਤੇ ਪ੍ਰਸ਼ਾਸਨਿਕ ਅਧਿਕਾਰੀ ਫੀਲਡ ਵਿਚ ਤਾਇਨਾਤ ਕੀਤੇ ਗਏ ਸਨ ਅਤੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਵਾਰਡ ਨੰਬਰ 79 ਵਿਚ ਆਜ਼ਾਦ ਉਮੀਦਵਾਰ ਨੇ ਦਿੱਤਾ ਧਰਨਾ
ਵਾਰਡ ਨੰਬਰ 79 ਵਿਚ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਲੋਂ ਅਟਾਰੀ ਰੋਡ ’ਤੇ ਧਰਨਾ ਦਿੱਤਾ, ਉਨ੍ਹਾਂ ਦਾ ਦੋਸ਼ ਸੀ ਕਿ ਉਮੀਦਵਾਰ ਨੂੰ ਦਿੱਤੇ ਗਏ ਚੋਣ ਚਿੰਨ੍ਹ ਟੈਲੀਫੋਟ ਬੈਲੇਟ ਪੇਪਰ ’ਤੇ ਛਪਿਆ ਹੀ ਨਹੀਂ ਸੀ।
ਵਾਰਡ ਨੰ. 43 ’ਚ ਹੋਈ ਮੁੜ ਗਿਣਤੀ
ਵਾਰਡ ਨੰਬਰ 43 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੌਰੀ ਨੂੰ ਜੇਤੂ ਕਰਾਰ ਦਿੰਦਿਆਂ ਪ੍ਰਸ਼ਾਸਨ ਵੱਲੋਂ ਮੁੜ ਗਿਣਤੀ ਕਰਵਾਈ ਗਈ। ਮੰਨਿਆ ਜਾ ਰਿਹਾ ਸੀ ਕਿ ਇਸ ਵਾਰਡ ਵਿਚ ਵੀ ਮੁਕਾਬਲਾ ਕਾਂਗਰਸ ਅਤੇ ‘ਆਪ’ ਵਿਚਾਲੇ ਸੀ ਪਰ ਇਹ ਨਤੀਜਾ ਕਿਸੇ ਨੂੰ ਹਜ਼ਮ ਨਹੀਂ ਹੋ ਸਕਿਆ। ਉਂਝ ਇੰਦਰਜੀਤ ਸਿੰਘ ਪੰਡੌਰੀ ਇਸ ਇਲਾਕੇ ਤੋਂ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਸਨ ਅਤੇ ਲੋਕਾਂ ਵਿੱਚ ਬਹੁਤ ਹੀ ਮਿਲਣਸਾਰ ਵਾਲਾ ਵਿਅਕਤੀ ਸੀ।
ਵਾਰਡ ਨੰਬਰ 30 ਤੋਂ 2 ਵੋਟਾਂ ਨਾਲ ਜਿੱਤੇ ਅਵਤਾਰ ਸਿੰਘ ਟਰਕਾਂਵਾਲਾ
ਵਾਰਡ ਨੰਬਰ 30 ਵਿਚ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਅਵਤਾਰ ਸਿੰਘ ਟਰਕਾਂਵਾਲਾ 2 ਵੋਟਾਂ ਨਾਲ ਜੇਤੂ ਰਹੇ, ਜਿਸ ਕਾਰਨ ਕਾਂਗਰਸੀ ਉਮੀਦਵਾਰ ਸ਼ੈਲੀ ਦੀ ਅਪੀਲ ’ਤੇ ਮੁੜ ਗਿਣਤੀ ਕਰਵਾਈ ਗਈ ਪਰ ਸ਼ੈਲੀ ਮੁੜ ਗਿਣਤੀ ਵਿੱਚ ਵੀ ਹਾਰ ਗਏ।
ਵਾਰਡ ਨੰ. 26 ਵਿਚ ਵੀ ਮੁੜ ਗਿਣਤੀ ਹੋਈ
ਵਾਰਡ ਨੰਬਰ 26 ਵਿੱਚ ਵੀ ਮੁੜ ਗਿਣਤੀ ਕਰਵਾਈ ਗਈ, ਜਿਸ ਵਿੱਚ ਪਹਿਲਾ ਆਜ਼ਾਦ ਉਮੀਦਵਾਰ ਜੇਤੂ ਚੱਲ ਰਿਹਾ ਸੀ।
ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਪਈਆਂ ਵੋਟਾਂ, 61.10 ਫੀਸਦੀ ਪਈਆਂ ਵੋਟਾਂ
NEXT STORY