ਅੰਮ੍ਰਿਤਸਰ (ਸੰਜੀਵ) : ਜੌੜਾ ਫਾਟਕ ਰੇਲ ਹਾਦਸੇ ਦੇ 14 ਮਹੀਨੇ ਬੀਤ ਜਾਣ ਤੋਂ ਬਾਅਦ ਅੱਜ ਵੀ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉੱਤਰ ਰਹੀ। ਸਰਕਾਰ ਵਾਰ-ਵਾਰ ਪੀੜਤਾਂ ਦੇ ਧਰਨੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਨਾਲ ਹੋਈ ਤ੍ਰਾਸਦੀ 'ਚ ਨਾ ਤਾਂ ਸਰਕਾਰ ਨੇ ਅੱਜ ਤੱਕ ਮੁਲਜ਼ਮਾਂ ਨੂੰ ਸਜ਼ਾ ਹੀ ਦਿੱਤੀ ਹੈ ਤੇ ਨਾ ਹੀ ਮੰਚ ਤੋਂ ਕੀਤੇ ਗਏ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਹੈ। 11 ਦਸੰਬਰ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਜ਼ਿਲਾ ਪ੍ਰੀਸ਼ਦ 'ਚ ਕੈਂਪ ਦੌਰਾਨ ਨੌਕਰੀਆਂ ਦੇਣ ਨੂੰ ਕਿਹਾ ਗਿਆ ਸੀ। ਸ਼ੁੱਕਰਵਾਰ ਜਦੋਂ ਏ. ਡੀ. ਸੀ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ 'ਚ ਲਾਏ ਕੈਂਪ 'ਚ ਉਨ੍ਹਾਂ ਨੂੰ ਪ੍ਰਾਈਵੇਟ ਨੌਕਰੀਆਂ 'ਤੇ ਰੱਖਣ ਨੂੰ ਕਿਹਾ ਗਿਆ ਤਾਂ ਉਹ ਉਸ ਨੂੰ ਠੁਕਰਾ ਕੇ ਵਾਪਸ ਆ ਗਏ। ਇਹ ਪੀੜ ਸੀ ਰੇਲ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਦੀ।
ਧਰਨੇ 'ਤੇ ਬੈਠੇ ਦੀਪਕ ਨੇ ਦੱਸਿਆ ਕਿ ਅੱਜ ਸਰਕਾਰ ਦੇ ਸੱਦੇ 'ਤੇ ਉਹ ਲੋਕ ਨੌਕਰੀ ਲੈਣ ਜ਼ਿਲਾ ਪ੍ਰੀਸ਼ਦ ਸਥਿਤ ਏ. ਡੀ. ਸੀ. ਦਫ਼ਤਰ ਗਏ ਸਨ, ਉਥੇ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਸੱਦ ਕੇ ਉਨ੍ਹਾਂ ਨੂੰ ਨੌਕਰੀਆਂ ਦੇਣ ਦੀ ਖਾਨਾਪੂਰਤੀ ਕੀਤੀ ਜਾ ਰਹੀ ਸੀ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਸ 'ਤੇ ਸਰਕਾਰ ਖਰੀ ਨਹੀਂ ਉੱਤਰ ਰਹੀ। ਪੀੜਤਾਂ ਨੇ ਕਿਹਾ ਕਿ ਉਹ ਕੜਾਕੇ ਦੀ ਠੰਡ 'ਚ ਧਰਨੇ 'ਤੇ ਬੈਠੇ ਹਨ। ਇਹ ਧਰਨਾ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਆਪਣੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕੁਝ ਪਰਿਵਾਰ ਅਜਿਹੇ ਵੀ ਹਨ, ਜਿਨ੍ਹਾਂ ਲਈ ਉਹ ਪੈਨਸ਼ਨ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਵਾਲਾ ਰੇਲ ਹਾਦਸੇ ਵਿਚ ਮਾਰਿਆ ਗਿਆ, ਪਿੱਛੇ ਬਜ਼ੁਰਗ ਮਾਂ-ਬਾਪ ਬਚ ਗਏ। ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਸਰਕਾਰ ਪੈਨਸ਼ਨ ਦਾ ਪ੍ਰਬੰਧ ਕਰੇ। ਅੱਜ ਇਕ ਵਾਰ ਫਿਰ ਸਰਕਾਰ ਨੇ ਉਨ੍ਹਾਂ ਨਾਲ ਖਿਲਵਾੜ ਕੀਤਾ ਹੈ। ਨੌਕਰੀ ਦੇਣ ਦੇ ਨਾਂ 'ਤੇ ਪੀੜਤ ਪਰਿਵਾਰਾਂ ਨਾਲ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਨਾ-ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
ਸੁਖਜਿੰਦਰ ਰੰਧਾਵਾ ਵਲੋਂ ਪੰਜਾਬ-ਹਰਿਆਣਾ 'ਚ 550 ਪੌਦੇ ਲਾਉਣ ਦੀ ਸ਼ੁਰੂਆਤ
NEXT STORY