ਅੰਮ੍ਰਿਤਸਰ : ਅੰਮ੍ਰਿਤਸਰ ਦੀ ਧੀ ਰੂਹਾਨੀ ਵਰਮਾ ਨੇ 100 ਫ਼ੀਸਦੀ ਰਿਸਾਈਕਲ ਕੀਤੀ ਸਮੱਗਰੀ ਤੋਂ ਦੇਸ਼ ਦਾ ਪਹਿਲਾ ਜਨਤਕ ਪਖਾਨਾ ਤਿਆਰ ਕੀਤਾ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਥਾਪਤ ਕੀਤੇ ਗਏ ਇਸ ਜਨਤਕ ਪਖਾਨੇ ਦਾ ਨਾਂ "ਸਵੱਛਾਲਿਆ" ਰੱਖਿਆ ਗਿਆ ਹੈ।
ਜੈਸ਼੍ਰੀ ਪੇਰੀਵਾਲ ਇੰਟਰਨੈਸ਼ਨਲ ਸਕੂਲ, ਜੈਪੁਰ ਦੀ 12ਵੀਂ ਜਮਾਤ ਦੀ ਵਿਦਿਆਰਥਣ ਰੂਹਾਨੀ ਵੱਲੋਂ ਇਸ ਪ੍ਰੋਜੈਕਟ ਦੇ ਨਿਰਮਾਣ ਵਿਚ ਲਗਭਗ 4 ਲੱਖ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ। ਜੇਕਰ ਇਹ ਪਲਾਸਟਿਕ ਸੜਕ 'ਤੇ ਖਿਲਾਰਿਆ ਜਾਵੇ ਤਾਂ 150 ਕਿੱਲੋਮੀਟਰ ਸੜਕ ਇਸ ਨਾਲ ਢੱਕੀ ਜਾ ਸਕਦੀ ਹੈ। ਇਹ ਪਖਾਨਾ ਇੰਟਰ-ਲਾਕਿੰਗ ਇੱਟਾਂ ਦਾ ਬਣਿਆ ਹੈ ਅਤੇ ਇਸ ਵਿਚ ਨਾ ਤਾਂ ਸੀਮਿੰਟ ਅਤੇ ਨਾ ਹੀ ਪਾਣੀ ਦੀ ਵਰਤੋਂ ਕੀਤੀ ਗਈ ਹੈ, ਇਸ ਲਈ ਇਹ ਪਖਾਨਾ ਪੂਰੀ ਤਰ੍ਹਾਂ ਕਾਰਬਨ ਨੈਗੇਟਿਵ ਅਤੇ ਵਾਤਾਵਰਣ ਅਨੁਕੂਲ ਹੈ।

ਇਸ ਦਾ ਉਦਘਾਟਨ ਗੁਰਜੀਤ ਔਜਲਾ ਮੈਂਬਰ ਲੋਕ ਸਭਾ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਏਅਰਪੋਰਟ ਦੇ ਡਾਇਰੈਕਟਰ ਵੀ.ਕੇ. ਸੇਠ ਨੇ ਕੀਤਾ। ਇਹ ਪਖਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਬਣਾਇਆ ਗਿਆ ਹੈ।
ਪ੍ਰਾਜੈਕਟ ਦਾ ਉਦੇਸ਼ ਵਾਤਾਵਰਣ ਅਨੁਕੂਲ ਅਤੇ ਟਿਕਾਊ ਢਾਂਚਾ ਬਣਾਉਣਾ ਸੀ : ਰੂਹਾਨੀ
ਇਸ ਪ੍ਰਾਜੈਕਟ ਦੀ ਵਿਦਿਆਰਥਣ ਰੁਹਾਨੀ ਵਰਮਾ ਭਵਿੱਖ ਵਿਚ ਆਰਕੀਟੈਕ ਬਣਨਾ ਚਾਹੁੰਦੀ ਹੈ ਪਰ ਉਹ ਅਜਿਹੇ ਪ੍ਰਾਜੈਕਟ ਤਿਆਰ ਕਰਨਾ ਚਾਹੁੰਦੀ ਹੈ ਜੋ ਨਾ ਸਿਰਫ਼ ਟਿਕਾਊ ਹੋਣ ਸਗੋਂ ਵਾਤਾਵਰਣ ਅਨੁਕੂਲ ਵੀ ਹੋਣ ਕਿਉਂਕਿ ਨਵੀਂ ਪੀੜ੍ਹੀ ਕੋਲ ਆਪਣੇ ਘਰਾਂ ਦੀ ਦੇਖ-ਭਾਲ ਕਰਨ ਲਈ ਬਹੁਤ ਘੱਟ ਸਮਾਂ ਬਚਦਾ ਹੈ। ਇਸ ਲਈ ਅਜਿਹੇ ਟਿਕਾਊ ਪ੍ਰਾਜੈਕਟ ਭਵਿੱਖ ਵਿਚ ਬਹੁਤ ਉਪਯੋਗੀ ਸਾਬਤ ਹੋਣਗੇ। ਰੂਹਾਨੀ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਬਣਾਉਣ ਦਾ ਉਨ੍ਹਾਂ ਦਾ ਮਕਸਦ ਅਜਿਹਾ ਢਾਂਚਾ ਬਣਾਉਣਾ ਸੀ ਜੋ ਲੰਬੇ ਸਮੇਂ ਟਿਕਿਆ ਰਹੇ। ਇਸ ਲਈ ਉਸ ਨੇ ਇਸ ਕਿਸਮ ਦੀਆਂ ਇੱਟਾਂ ਦੀ ਵਰਤੋਂ ਕੀਤੀ ਜੋ ਵਾਤਾਵਰਣ ਅਨੁਕੂਲ ਹਨ। ਇਹ ਇੱਟਾਂ 30 ਫੀਸਦੀ ਸਿੰਗਲ ਯੂਜ਼ ਪਲਾਸਟਿਕ ਅਤੇ 70 ਫੀਸਦੀ ਸਿਲਿਕਾ ਡਸਟ (ਉਦਯੋਗਿਕ ਰਹਿੰਦ-ਖੂੰਹਦ) ਨਾਲ ਬਣੀਆਂ ਹਨ। ਸਿੰਗਲ ਯੂਜ਼ ਪਲਾਸਟਿਕ ਸਿਰਫ਼ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਵੱਡੀ ਸਮੱਸਿਆ ਹੈ। ਅਜਿਹਾ ਪਲਾਸਟਿਕ ਜਾਂ ਤਾਂ ਸੜਕਾਂ 'ਤੇ ਫੈਲਿਆ ਰਹਿੰਦਾ ਹੈ ਤੇ ਜਾਂ ਦਰਿਆਵਾਂ ਰਾਹੀਂ ਸਮੁੰਦਰ 'ਚ ਜਾ ਕੇ ਪ੍ਰਦੂਸ਼ਣ ਨੂੰ ਵਧਾਉਂਦਾ ਹੈ ਤੇ ਇਹ ਸਮੱਸਿਆ ਹਰ ਸਾਲ ਵਧਦੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਢਾਈ ਲੱਖ ਸਿੱਖ ਤੇ 2 ਲੱਖ ਹਿੰਦੂ ਜਮਾਂਦਰੂ ਹਨ ਕੈਨੇਡੀਅਨ ਨਾਗਰਿਕ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ
ਅੰਮ੍ਰਿਤਸਰ ਦੇ ਪਾਰਕਿੰਗ ਏਰੀਏ ਵਿਚ ਕੋਈ ਜਨਤਕ ਪਖਾਨਾ ਨਾ ਹੋਣ ਕਾਰਨ ਉਸ ਦੇ ਮਨ ਵਿਚ ਏਅਰਪੋਰਟ ਲਈ ਅਜਿਹਾ ਪਖਾਨਾ ਬਣਾਉਣ ਦਾ ਵਿਚਾਰ ਆਇਆ ਅਤੇ ਉਸ ਨੂੰ ਲੱਗਿਆ ਕਿ ਅਜਿਹੇ ਪ੍ਰਾਜੈਕਟ ਦੀ ਇੱਥੇ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ। ਉਸ ਨੇ ਪ੍ਰਾਜੈਕਟ ਦੀ ਸਫ਼ਲਤਾ ਦਾ ਸਿਹਰਾ ਆਪਣੇ ਸਕੂਲ ਦੇ ਡਾਇਰੈਕਟਰ ਆਯੂਸ਼ ਪੇਰੀਵਾਲ ਨੂੰ ਵੀ ਦਿੱਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਵਿਚ ਹਰ ਪੱਧਰ 'ਤੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਦੇ ਨਾਲ ਹੀ ਸਿਲਿਕਾ ਪਲਾਸਟਿਕ ਬਲਾਕ ਦੇ ਸਹਿ-ਸੰਸਥਾਪਕ ਸ਼੍ਰੀਧਰ ਰਾਓ ਅਤੇ ਅੰਮ੍ਰਿਤਸਰ ਏਅਰਪੋਰਟ ਦੇ ਡਾਇਰੈਕਟਰ ਵੀ. ਕੇ. ਸੇਠ ਨੇ ਵੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸ ਲਈ ਉਸ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਝੋਨੇ ਦੀ ਖ਼ਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ, ਕਿਸਾਨਾਂ ਨੂੰ 15000 ਕਰੋੜ ਤੋਂ ਵੱਧ ਰਾਸ਼ੀ ਕੀਤੀ ਜਾਰੀ : ਕਟਾਰੂਚੱਕ
NEXT STORY