ਅੰਮ੍ਰਿਤਸਰ (ਨੀਰਜ) : ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਏਅਰ ਸਟ੍ਰਾਈਕ ਨਾਲ ਬੌਖਲਾਏ ਪਾਕਿਸਤਾਨ ਨੇ ਅਟਾਰੀ-ਵਾਹਗਾ ਬਾਰਡਰ 'ਚ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਵੀਰਵਾਰ ਭਾਰਤ ਨਹੀਂ ਭੇਜਿਆ। ਪਾਕਿਸਤਾਨ ਦੀ ਇਸ ਕਾਰਵਾਈ ਨਾਲ ਉਸ ਦੇ ਆਪਣੇ ਹੀ 42 ਯਾਤਰੀ ਅੰਤਰਰਾਸ਼ਟਰੀ ਅਟਾਰੀ ਸਟੇਸ਼ਨ 'ਤੇ ਫਸ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਤੇ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਅਟਾਰੀ ਸੜਕ ਰਸਤੇ ਪਾਕਿਸਤਾਨ ਭੇਜਿਆ।
ਜਾਣਕਾਰੀ ਅਨੁਸਾਰ ਦਿੱਲੀ ਤੋਂ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਤਾਂ ਆਪਣੇ ਤੈਅ ਸਮੇਂ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਅਟਾਰੀ ਸਟੇਸ਼ਨ ਪਹੁੰਚ ਗਈ ਪਰ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਨਹੀਂ ਆਈ। ਇਸ ਸਬੰਧੀ ਪਾਕਿਸਤਾਨ ਰੇਲਵੇ ਤੇ ਕਸਟਮ ਵਿਭਾਗ ਵੱਲੋਂ ਜ਼ੁਬਾਨੀ ਤੌਰ 'ਤੇ ਭਾਰਤੀ ਰੇਲਵੇ ਅਥਾਰਟੀ ਅਤੇ ਕਸਟਮ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਪਾਕਿਸਤਾਨ ਦੀ ਇਸ ਕਾਰਵਾਈ ਨਾਲ ਇਮੀਗ੍ਰੇਸ਼ਨ ਵਿਭਾਗ ਵੀ ਦੁਚਿੱਤੀ ਦੀ ਹਾਲਤ ਵਿਚ ਸੀ ਕਿ ਉਹ ਇਨ੍ਹਾਂ ਯਾਤਰੀਆਂ ਦਾ ਕੀ ਕਰੇ, ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਪਾਕਿਸਤਾਨੀ ਯਾਤਰੀਆਂ ਨੂੰ ਜੇ. ਸੀ. ਪੀ. ਅਟਾਰੀ ਦੇ ਸੜਕ ਰਸਤੇ ਪਾਕਿਸਤਾਨ ਰਵਾਨਾ ਕੀਤਾ ਗਿਆ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਤੇ ਐੱਸ. ਐੱਸ. ਪੀ. ਪਰਮਪਾਲ ਸਿੰਘ ਵੱਲੋਂ ਸਾਰੇ ਪਾਕਿਸਤਾਨੀ ਯਾਤਰੀਆਂ ਨੂੰ ਖਾਣਾ ਖੁਆਇਆ ਗਿਆ ਤੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ ਕਿਉਂਕਿ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈੱਸ ਨਾ ਆਉਣ ਕਾਰਨ ਪਾਕਿਸਤਾਨੀ ਯਾਤਰੀ ਸਦਮੇ ਵਿਚ ਸਨ ਤੇ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਉਹ ਭਾਰਤ ਵਿਚ ਹੀ ਨਾ ਫਸ ਜਾਣ। ਪ੍ਰਸ਼ਾਸਨ ਵੱਲੋਂ ਇਕ ਪ੍ਰਾਈਵੇਟ ਬੱਸ ਜ਼ਰੀਏ ਪਾਕਿਸਤਾਨੀ ਯਾਤਰੀਆਂ ਨੂੰ ਜੇ. ਸੀ. ਪੀ. ਅਟਾਰੀ ਤੱਕ ਲਿਜਾਇਆ ਗਿਆ। ਭਾਰਤ-ਪਾਕਿ ਜੰਗ ਦੇ ਮਾਹੌਲ 'ਚ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਕੀਤੀ ਗਈ ਇਸ ਮਦਦ ਦੀ ਪਾਕਿਸਤਾਨੀ ਯਾਤਰੀਆਂ ਨੇ ਵੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਹ ਅਮਨ-ਸ਼ਾਂਤੀ ਦਾ ਪੈਗਾਮ ਲੈ ਕੇ ਪਾਕਿਸਤਾਨ ਜਾਣਗੇ।
ਪਾਕਿਸਤਾਨ 'ਚ ਵੀ ਫਸੇ 16 ਭਾਰਤੀ ਯਾਤਰੀ
ਅਟਾਰੀ ਰੇਲਵੇ ਸਟੇਸ਼ਨ 'ਤੇ ਪਾਕਿਸਤਾਨ ਵੱਲੋਂ ਟਰੇਨ ਨਾ ਭੇਜਣ ਕਾਰਨ ਜਿਥੇ 42 ਪਾਕਿਸਤਾਨੀ ਯਾਤਰੀ ਅਟਾਰੀ ਸਟੇਸ਼ਨ 'ਤੇ ਫਸ ਗਏ, ਉਥੇ ਹੀ ਪਾਕਿਸਤਾਨ 'ਚ ਵੀ 16 ਭਾਰਤੀ ਯਾਤਰੀ ਫਸ ਗਏ, ਜੋ ਪਾਕਿਸਤਾਨੀ ਟਰੇਨ 'ਚ ਬੈਠ ਕੇ ਭਾਰਤ ਆਉਣਾ ਚਾਹੁੰਦੇ ਸਨ। ਸੂਤਰਾਂ ਅਨੁਸਾਰ ਇਸ ਸਬੰਧੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੁਆਇੰਟ ਚੈੱਕ ਪੋਸਟ ਅਟਾਰੀ ਵਿਖੇ ਸੂਚਨਾ ਦੇ ਦਿੱਤੀ ਗਈ ਹੈ ਤਾਂ ਕਿ ਸੜਕ ਰਸਤੇ ਵਾਹਗਾ-ਅਟਾਰੀ ਬਾਰਡਰ ਕਰਾਸ ਕਰ ਕੇ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਏ।
ਭਾਰਤ-ਪਾਕਿਸਤਾਨ ਮਾਲ ਗੱਡੀ ਦਾ ਐਕਸਚੇਂਜ ਵੀ ਹੋਇਆ ਬੰਦ
ਸਮਝੌਤਾ ਐਕਸਪ੍ਰੈੱਸ ਦੇ ਨਾਲ-ਨਾਲ ਭਾਰਤ ਤੇ ਪਾਕਿਸਤਾਨ 'ਚ ਚੱਲਣ ਵਾਲੀ ਮਾਲ ਗੱਡੀ ਦਾ ਐਕਸਚੇਂਜ ਵੀ ਬੰਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਇਕ ਹਫ਼ਤੇ ਤੋਂ ਮਾਲ ਗੱਡੀ ਦਾ ਐਕਸਚੇਂਜ ਨਹੀਂ ਹੋਇਆ ਤੇ ਨਾ ਹੀ ਆਉਣ ਵਾਲੇ ਦਿਨਾਂ 'ਚ ਹੋਣ ਵਾਲਾ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੋਂ ਆਯਾਤਿਤ ਵਸਤਾਂ 'ਤੇ 200 ਫ਼ੀਸਦੀ ਡਿਊਟੀ ਲਾਈ ਜਾ ਚੁੱਕੀ ਹੈ, ਜਿਸ ਕਾਰਨ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਤਾਂ ਪਹਿਲਾਂ ਹੀ ਪਾਕਿਸਤਾਨ ਤੋਂ ਆਉਣ ਵਾਲੇ ਟਰੱਕ ਬੰਦ ਹੋ ਚੁੱਕੇ ਹਨ ਤੇ ਆਯਾਤ ਬਿਲਕੁਲ ਬੰਦ ਹੋ ਗਿਆ ਹੈ।
ਮਨਤਾਰ ਬਰਾੜ ਤੇ ਐੱਸ.ਡੀ.ਐੱਮ. ਕੋਲੋਂ 'ਸਿਟ' ਨੇ ਕੀਤੀ ਕਈ ਘੰਟੇ ਪੁੱਛਗਿੱਛ
NEXT STORY