ਅੰਮ੍ਰਿਤਸਰ (ਸੁਮਿਤ ਖੰਨਾ) : ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਦੀ ਅੰਤਿਮ ਅਰਦਾਸ 'ਚ ਸੁਖਬੀਰ ਬਾਦਲ ਸਮੇਤ ਕਈ ਆਗੂਆਂ ਨੇ ਕੀਤੀ ਸ਼ਿਰਕਤ ਕੀਤੀ। ਸ਼ਰਧਾਂਜਲੀ ਭੇਟ ਕਰਨ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਾਬਾ ਗੁਰਦੀਪ ਸਿੰਘ ਦਾ ਸਿਆਸੀ ਕਤਲ ਕੀਤਾ ਗਿਆ ਹੈ। ਉਨ੍ਹਾਂ ਤਾੜਨਾ ਕਰਦਿਆਂ ਅਤੇ ਕਾਤਲਾਂ ਦੀ ਗ੍ਰਿਫਤਾਰੀ ਲਈ 10 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਕਾਤਲ ਫੜੇ ਨਹੀਂ ਜਾਂਦੇ ਤਾਂ ਮਜੀਠਾ ਜ਼ਿਲਾ ਪੁਲਸ ਮੁਖੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਅਕਾਲੀ ਵਰਕਰਾਂ ਨੂੰ ਖਤਮ ਕਰ ਰਹੀ ਹੈ ਕਾਂਗਰਸ : ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਵਲੋਂ ਕਿਸੇ ਨਾ ਕਿਸੇ ਬਹਾਨੇ ਅਕਾਲੀ ਵਰਕਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਕਾਂਗਰਸ ਗੈਂਗਸਟਰਾਂ ਨੂੰ ਵਰਤ ਕੇ ਰਾਜ ਕਰਨ ਦਾ ਸੁਪਨਾ ਸਜਾਈ ਬੈਠੀ ਹੈ, ਜੋ ਕਿ ਕਾਮਯਾਬ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ। ਅਕਾਲੀ ਵਰਕਰ ਨਾ ਡਰੇ ਹਨ ਅਤੇ ਨਾ ਹੀ ਕੁਰਬਾਨੀਆਂ ਤੋਂ ਕਦੇ ਪਿੱਛੇ ਹਟੇ। ਉਨ੍ਹਾਂ ਅਕਾਲੀ ਦਲ ਨੂੰ ਇਕ ਵੱਡਾ ਪਰਿਵਾਰ ਦੱਸਦਿਆਂ ਬਾਬਾ ਗੁਰਦੀਪ ਸਿੰਘ ਦੇ ਪਰਿਵਾਰ ਦੀ ਜ਼ਿੰਮੇਵਾਰੀ ਬਿਕਰਮ ਮਜੀਠੀਆ ਨੂੰ ਸੌਂਪੀ।
ਪੀੜਤ ਪਰਿਵਾਰ ਦੇ ਇਨਸਾਫ ਲਈ ਆਪਣੇ ਖੂਨ ਦੇ ਆਖਰੀ ਕਤਰੇ ਤਕ ਲੜਾਂਗਾ : ਮਜੀਠੀਆ
ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਗੁਰਦੀਪ ਸਿੰਘ ਸਭ ਦਾ ਭਲਾ ਮੰਗਣ ਵਾਲਾ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਘਰ ਨੂੰ ਸਮਰਪਿਤ ਇਕ ਅੰਮ੍ਰਿਤਧਾਰੀ ਨਿੱਤਨੇਮੀ ਨਿਡਰ ਗੁਰਸਿੱਖ ਸਨ। ਉਨ੍ਹਾਂ ਨੂੰ ਕਾਂਗਰਸੀ ਕਾਰਕੁਨਾਂ ਅਤੇ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਉਨ੍ਹਾਂ ਡੀ. ਜੀ. ਪੀ. ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਪਰ ਕੋਈ ਅਸਰ ਨਹੀਂ ਹੋਇਆ। ਗਿਣੀ-ਮਿੱਥੀ ਸਾਜ਼ਿਸ਼ ਤਹਿਤ ਉਸ ਦਾ ਕਤਲ ਕਰ ਦਿੱਤਾ ਗਿਆ। ਮਜੀਠੀਆ ਨੇ ਕਿਹਾ ਕਿ ਭਾਵੇਂ ਬੇਸ਼ੱਕ ਉਸ ਨੂੰ ਮਾਰ ਦਿੱਤਾ ਜਾਵੇ ਪਰ ਉਹ ਪੀੜਤ ਪਰਿਵਾਰ ਦੇ ਇਨਸਾਫ ਲਈ ਆਪਣੇ ਖੂਨ ਦੇ ਆਖ਼ਰੀ ਕਤਰੇ ਤਕ ਲੜਦਾ ਰਹੇਗਾ।
ਲੁਧਿਆਣਾ 'ਚ ਅਕਾਲੀ-ਭਾਜਪਾ ਦਾ ਕਾਂਗਰਸ ਖਿਲਾਫ ਪ੍ਰਦਰਸ਼ਨ
NEXT STORY