ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ (ਕੋਵਿਡ-19) ਨੇ ਲੱਗਭਗ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਵਿਸ਼ਵ ਸਿਹਤ ਸੰਗਠ (ਡਬਲਯੂ. ਐੱਚ. ਓ.) ਪਹਿਲਾਂ ਹੀ ਇਸ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਚੁੱਕਿਆ ਹੈ। ਹੁਣ ਭਾਰਤ ਸਰਕਾਰ ਨੇ ਵੀ ਇਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਨਾਗਰਿਕਾਂ ਦੇ ਬਚਾਅ ਲਈ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਦੇਸ਼ਾਂ ਵਿਚ ਜਾਣ ਅਤੇ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੁਨੀਆ ਭਰ ਵਿਚ ਕਈ ਮਸ਼ਹੂਰ ਖੇਡ ਪ੍ਰਤੀਯੋਗਿਤਾਵਾਂ ਰੱਦ ਹੋ ਚੁੱਕੀਆਂ ਹਨ। ਭਾਰਤ ਸਰਕਾਰ ਇਸ ਮੁਸ਼ਕਲ ਸਮੇਂ ਨਾਲ ਨਜਿੱਠਣ ਲਈ ਆਪਣੇ ਕਦਮਾਂ ਨੂੰ ਹੋਲੀ-ਹੋਲੀ ਮਜ਼ਬੂਤ ਕਰ ਰਹੀ ਹੈ। ਉੱਥੇ ਹੀ ਭਾਰਤੀ ਖਿਡਾਰੀ ਵੀ ਸੋਸ਼ਲ ਮੀਡੀਆ ਰਾਹੀ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ।
ਹੁਣ ਇਸੇ ਕੜੀ ਵਿਚ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਅਪਲੋਡ ਕੀਤੀ ਹੈ, ਜਿਸ ਵਿਚ ਉਸ ਨੇ ਆਪਣੇ ਮਜ਼ਾਕੀਆ ਸੁਭਾਅ ਮੁਤਾਬਕ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਦੇ ਜ਼ਰੀਏ ਉਸ ਨੇ ਲੋਕਾਂ ਨੂੰ ਮੌਜੂਦਾ ਸਮੇਂ ਹੱਥ ਮਿਲਾਉਣ ਤੋਂ ਬਚਣ ਦਾ ਸੰਦੇਸ਼ ਦਿੱਤਾ ਹੈ, ਉੱਥੇ ਹੀ ਉਸ ਨੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਨੂੰ ਨਮਸਤੇ ਕਰਨ ਲਈ ਕਿਹਾ ਹੈ।
ਇਸ ਸਟੋਰੀ ਵਿਚ ਐੱਮ. ਐੱਸ. ਧੋਨੀ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰਿਟੀ ਜ਼ਿੰਟਾ ਦੇ ਨਾਲ ਹੱਥ ਮਿਲਾਉਂਦੇ ਦਿਸ ਰਹੇ ਹਨ ਅਤੇ ਉੱਥੇ ਹੀ ਦੂਜੇ ਪਾਸੇ ਹਰਭਜਨ ਪ੍ਰਿਟੀ ਜ਼ਿੰਟਾ ਨੂੰ ਨਮਸਤੇ ਕਰਦੇ ਦਿਸ ਰਹੇ ਹਨ। ਇਹ ਤਸਵੀਰਾਂ ਆਈ. ਪੀ. ਐੱਲ. ਦੇ ਇਕ ਮੈਚ ਦੀਆਂ ਹਨ। ਹਰਭਜਨ ਨੇ ਤਸਵੀਰ ਵਿਚ ਲਿਖਿਆ, ''ਕੋਰੋਨਾ ਵਾਇਰਸ ਤੋਂ ਬਚਣ ਦਾ ਆਸਾਨ ਤਰੀਕਾ।''
ਭਾਰਤ ਦੇ ਧਾਕੜ ਸਪਿਨ ਗੇਂਦਬਾਜ਼ ਅਤੇ ਟਰਬਨੇਟਰ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦੇ ਮਹੱਤਵਪੂਰਨ ਮੈਂਬਰ ਹਨ। 39 ਸਾਲਾ ਇਸ ਸਪਿਨਰ ਨੂੰ ਆਖਰੀ ਵਾਰ ਸਾਲ 2016 ਵਿਚ ਭਾਰਤੀ ਟੀਮ ਲਈ ਖੇਡਦੇ ਦੇਖਿਆ ਗਿਆ ਸੀ। ਭੱਜੀ ਦੇ ਨਾਂ 103 ਟੈਸਟ ਮੈਚਾਂ ਵਿਚ 417 ਵਿਕਟਾਂ ਲੈਣ ਦਾ ਰਿਕਾਰਡ ਦਰਜ ਹੈ। ਉੱਥੇ ਹੀ ਵਨ ਡੇ ਵਿਚ 236 ਮੈਚਾਂ ਵਿਚ 269 ਵਿਕਟਾਂ ਜਦਕਿ ਟੀ-20 ਕੌਮਾਂਤਰੀ ਵਿਚ 28 ਮੈਚਾਂ ਵਿਚ 25 ਵਿਕਟਾਂ ਹਨ।
ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚੋਂ ਫਰਾਰ ਹੋਇਆ ਕੋਰੋਨਾ ਦਾ ਸ਼ੱਕੀ ਮਰੀਜ਼
NEXT STORY