ਬਠਿੰਡਾ, (ਸੁਖਵਿੰਦਰ)- ਆਂਗਣਵਾੜੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਨਗਰ ਵਿਚ 4 ਵੱਖ-ਵੱਖ ਥਾਵਾਂ 'ਤੇ ਵਿੱਤ ਮੰਤਰੀ ਅਤੇ ਸੂਬਾ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ 25ਵੇਂ ਦਿਨ ਵੀ ਆਂਗਣਵਾੜੀ ਮੁਲਾਜ਼ਮਾਂ ਦਾ ਧਰਨਾ ਜਾਰੀ ਰਿਹਾ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਹੈ। ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਮੁਲਾਜ਼ਮਾਂ 'ਤੇ ਪੁਲਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਰੋਸ ਜਤਾਇਆ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਵੱਲੋਂ ਹਰ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸੱਤਾ ਵਿਚ ਆਉਣ ਤੋਂ ਬਾਅਦ ਪਹਿਲਾਂ ਤੋਂ ਕੰਮ ਕਰਦੇ ਕਾਮਿਆਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਰੋਸ ਜਤਾਇਆ ਕਿ ਬੀਤੇ ਦਿਨੀਂ ਪੁਲਸ ਦੁਆਰਾ ਆਂਗਣਵਾੜੀ ਮੁਲਾਜ਼ਮਾਂ ਦੀ ਕੀਤੀ ਕੁੱਟ-ਮਾਰ 'ਤੇ ਕਿਸੇ ਵੀ ਵਿਰੋਧੀ ਧਿਰ ਦੇ ਆਗੂ ਵੱਲੋਂ ਨਿੰਦਾ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਪੈਟਰਨ 'ਤੇ ਆਂਗਣਵਾੜੀ ਮੁਲਾਜ਼ਮਾਂ ਅਤੇ ਹੈਲਪਰਾਂ ਨੂੰ ਮਾਣਭੱਤਾ ਦਿੱਤਾ ਜਾਵੇ। ਆਂਗਣਵਾੜੀ ਸੈਂਟਰਾਂ ਦੇ ਕਿਰਾਏ ਦਾ ਬਕਾਇਆ ਜਾਰੀ ਕੀਤਾ ਜਾਵੇ। ਰਾਸ਼ਨ ਭੇਜਿਆ ਜਾਵੇ। 2-6 ਸਾਲ ਦੇ ਬੱਚਿਆਂ ਨੂੰ ਮੁੜ ਆਂਗਣਵਾੜੀ ਸੈਂਟਰਾਂ ਵਿਚ ਭੇਜਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨਿਆਣਾ, ਅੰਮ੍ਰਿਤਪਾਲ ਕੌਰ ਬੱਲੂਆਣਾ, ਕ੍ਰਿਸ਼ਨਾ ਦੇਵੀ ਔਲਖ, ਗੁਰਮੀਤ ਕੌਰ ਜੈਤੋ, ਗਿਆਨ ਕੌਰ ਬਾਜਾਖਾਨਾ, ਦਰਸ਼ਨਾ ਰਾਣੀ ਬਠਿੰਡਾ, ਪਰਮਰਾਜ ਕੌਰ ਤੇ ਗੁਰਵਿੰਦਰ ਕੌਰ ਬਠਿੰਡਾ ਆਦਿ ਨੇ ਸੰਬੋਧਨ ਕੀਤਾ।
ਭੀਖੀ, (ਸੰਦੀਪ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਰਕਲ ਪ੍ਰਧਾਨ ਮਨਦੀਪ ਕੌਰ ਦੀ ਅਗਵਾਈ ਹੇਠ ਪਿੰਡ ਸਮਾਓਂ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਨੇ ਕਿਹਾ ਕਿ ਸੱਤਾ ਦੇ ਨਸ਼ੇ 'ਚ ਕੈਪਟਨ ਸਰਕਾਰ ਨੇ ਆਪਣੇ ਕੀਤੇ ਹੋਏ ਸਾਰੇ ਵਾਅਦੇ ਵਿਸਾਰ ਦਿੱਤੇ ਹਨ। ਆਂਗਣਵਾੜੀ ਮੁਲਾਜ਼ਮ ਆਪਣੇ ਹੱਕਾਂ ਲਈ ਹਮੇਸ਼ਾ ਲੜਦੇ ਰਹਿਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਅਮਰਜੀਤ ਕੌਰ, ਸੁਖਜੀਤ ਕੌਰ, ਗੁਰਮੀਤ ਕੌਰ, ਕੁਲਦੀਪ ਕੌਰ, ਜਸਵੀਰ ਕੋਰ, ਪਰਮਜੀਤ ਕੌਰ, ਹਰਜਿੰਦਰ ਕੌਰ, ਮਨਪ੍ਰੀਤ ਕੌਰ, ਰੇਖਾ, ਗੁਰਪਿਆਰ ਕੌਰ, ਚਰਨਜੀਤ ਕੌਰ ਤੇ ਵੱਡੀ ਗਿਣਤੀ 'ਚ ਆਂਗਣਵਾੜੀ ਮੁਲਾਜ਼ਮ ਹਾਜ਼ਰ ਸਨ।
ਸੰਗਤ ਮੰਡੀ, (ਮਨਜੀਤ)-ਆਲ ਪੰਜਾਬ ਆਂਗਣਵਾੜੀ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ 'ਤੇ ਸਰਕਲ ਘੁੱਦਾ ਤੇ ਸਰਕਲ ਜੰਗੀਰਾਣਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਪਿੰਡ ਘੁੱਦਾ ਤੇ ਰਾਏ ਕੇ ਖੁਰਦ ਵਿਖੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਅਰਥੀ ਫੂਕ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਰਕਰਾਂ ਵੱਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਆਕੜਖੋਰ ਤੇ ਬੇਦਰਦ ਮੰਤਰੀ ਐਲਾਨਦਿਆਂ ਕਿਹਾ ਕਿ ਉਨ੍ਹਾਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ? ਸਗੋਂ ਉਲਟਾ ਉਨ੍ਹਾਂ ਨਾਲ ਗੱਲਬਾਤ ਲਈ ਵੀ ਤਿਆਰ ਨਹੀਂ ਹਨ, ਜਿਸ ਕਾਰਨ ਜਥੇਬੰਦੀ 'ਚ ਭਾਰੀ ਰੋਸ ਹੈ। ਸਰਕਲ ਜੰਗੀਰਾਣਾ ਦੀ ਪ੍ਰਧਾਨ ਪ੍ਰਵੀਨ ਬਾਲਾ ਤੇ ਸਰਕਲ ਘੁੱਦਾ ਦੀ ਪ੍ਰਧਾਨ ਸੁਰਿੰਦਰ ਕੌਰ ਨੇ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ 100 ਕਰੋੜ ਤੋਂ ਜ਼ਿਆਦਾ ਦੇ ਬਿੱਲਾਂ 'ਤੇ ਰੋਕ ਲਾਈ ਬੈਠਾ ਹੈ। ਇਸ 'ਚ ਆਂਗਣਵਾੜੀ ਬੱਚਿਆਂ ਲਈ ਰਾਸ਼ਨ, ਆਂਗਣਵਾੜੀ ਕੇਂਦਰਾਂ ਦਾ ਕਿਰਾਇਆ, ਉਨ੍ਹਾਂ ਦੀਆਂ ਵਰਦੀਆਂ ਦੇ ਪੈਸੇ, ਵਰਕਰਾਂ ਦਾ ਟੀ. ਏ. ਤੇ ਸਟੇਸ਼ਨਰੀ ਦਾ ਸਾਮਾਨ ਆਦਿ ਦੇ ਪੈਸੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਵੀ ਨਹੀਂ ਮਿਲਿਆ। ਉਨ੍ਹਾਂ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਮੁੱਚੇ ਸੂਬੇ 'ਚ ਵੱਡੇ ਪੱਧਰ 'ਤੇ ਧਰਨੇ ਮੁਜ਼ਾਹਰੇ ਕਰ ਕੇ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ। ਇਸ ਮੌਕੇ ਸਰਕਲ ਪ੍ਰਧਾਨ ਸੁਰਿੰਦਰ ਕੌਰ ਘੁੱਦਾ, ਪ੍ਰਚਾਰ ਸਕੱਤਰ ਇੰਦਰਜੀਤ ਕੌਰ ਘੁੱਦਾ, ਸਲਾਹਕਾਰ ਸਿਮਰਜੀਤ ਕੌਰ ਘੁੱਦਾ ਤੇ ਸਰਕਲ ਜੰਗੀਰਾਣਾ ਦੀ ਪ੍ਰਧਾਨ ਪ੍ਰਵੀਨ ਬਾਲਾ ਤੋਂ ਇਲਾਵਾ ਨੇੜਲੇ ਪਿੰਡਾਂ ਦੀਆਂ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੌਜੂਦ ਸਨ।
ਗੋਨਿਆਣਾ, (ਗੋਰਾ ਲਾਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ 'ਤੇ ਗੋਨਿਆਣਾ ਮੰਡੀ ਅਤੇ ਪਿੰਡ ਬਲਾਹੜ ਵਿੰਝੂ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਜਨਰਲ ਸਕੱਤਰ ਗੁਰਮੀਤ ਕੌਰ ਤੇ ਸਰਕਲ ਪ੍ਰਧਾਨ ਰੇਖਾ ਰਾਣੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ? ਸਗੋਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ । ਇਸ ਕਰ ਕੇ ਜਥੇਬੰਦੀ ਵਿਚ ਰੋਸ ਰਿਹਾ ਹੈ। ਪਿੰਡ ਪੱਧਰ 'ਤੇ ਪੁਤਲੇ ਫੂਕੇ ਜਾ ਰਹੇ ਹਨ । ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਵੀਰਪਾਲ ਕੌਰ ਬਲਾਹੜ ਵਿੰਝੂ, ਸਲਿੰਦਰ ਕੌਰ, ਸਰਬਜੀਤ ਕੌਰ, ਸੁਨੈਣਾ, ਗੁਰਮੀਤ ਕੌਰ, ਸੁਮਨਦੀਪ ਕੌਰ ਗੋਨਿਆਣਾ ਖੁਰਦ ਤੇ ਗੁਰਪ੍ਰੀਤ ਕੌਰ ਗੋਨਿਆਣਾ ਖੁਰਦ ਸਮੇਤ ਕਾਫੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਗੋਨਿਆਣਾ, (ਗੋਰਾ ਲਾਲ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਕੌਮੀ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗੋਨਿਆਣਾ ਮੰਡੀ ਦੇ ਡਾਕਖਾਨੇ ਦੇ ਬਾਹਰ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਛੱਤਰ ਸਿੰਘ ਖੇਮੂਆਣਾ ਡਵੀਜ਼ਨ ਪ੍ਰਧਾਨ ਬਠਿੰਡਾ ਨੇ ਕਿਹਾ ਕਿ ਜੇਕਰ 15 ਮਾਰਚ ਤੱਕ 7ਵੀਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕੀਤੀ ਤਾਂ ਦੇਸ਼ ਭਰ ਦੇ 2 ਲੱਖ ਤੋਂ 70 ਹਜ਼ਾਰ ਤੋਂ ਵੱਧ ਪੇਂਡੂ ਡਾਕ ਕਰਮਚਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ 'ਤੇ ਦਿੱਲੀ ਵਿਖੇ ਰੋਸ ਵਿਖਾਵਾ ਕਰਨਗੇ। ਇਸ ਸਮੇਂ ਰਮੇਸ਼ ਕੁਮਾਰ ਆਕਲੀਆਂ ਕਲਾਂ, ਕਰਮਜੀਤ ਸਿੰਘ ਹਰਿਰਾਏਪੁਰ, ਵਕੀਲ ਸਿੰਘ ਜੰਡਾਂਵਾਲਾ, ਸਵਿਤਾਂ ਰਾਣੀ ਮਹਿਮਾ ਸਵਾਈ, ਹਰਪ੍ਰੀਤ ਕੌਰ ਗੰਗਾ, ਬਲਕੌਰ ਸਿੰਘ ਅਬਲੂ, ਹਰਪਾਲ ਸਿੰਘ ਭੋਖੜਾ, ਬਲਤੇਜ ਸਿੰਘ ਭਿਸੀਆਣਾ ਤੇ ਅਸ਼ੋਕ ਕੁਮਾਰ ਵਿਰਕ ਕਲਾਂ ਸਮੇਤ ਅਨੇਕਾਂ ਡਾਕ ਕਾਮੇ ਹਾਜ਼ਰ ਸਨ।
ਵੱਖ-ਵੱਖ ਮਾਮਲਿਆਂ 'ਚ 51 ਬੋਤਲਾਂ ਸ਼ਰਾਬ ਸਣੇ 1 ਕਾਬੂ, 1 ਫਰਾਰ
NEXT STORY