ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ,ਰਾਜੇਸ਼)— ਘਰ-ਘਰ ਰੋਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ 'ਚ ਆਈ ਕਾਂਗਰਸ ਸਰਕਾਰ ਭਾਵੇਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਤਾਂ ਅਜੇ ਨਹੀਂ ਪੁਗਾ ਸਕੀ ਪਰ ਰੋਜ਼ਗਾਰ 'ਤੇ ਲੱਗੇ ਸੈਂਕੜੇ ਮੁਲਾਜ਼ਮਾਂ 'ਤੇ ਇਸ ਨੇ ਬੇਰੋਜ਼ਗਾਰੀ ਦੀ ਤਲਵਾਰ ਜ਼ਰੂਰ ਲਟਕਾ ਦਿੱਤੀ ਹੈ। ਮਿਸਾਲ ਦੇ ਤੌਰ 'ਤੇ 20 ਤੋਂ ਘੱਟ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ ਦਾ ਹੋਰਨਾਂ ਸਕੂਲਾਂ 'ਚ ਰਲੇਵਾਂ ਅਤੇ ਆਂਗਣਵਾੜੀ ਸੈਂਟਰਾਂ ਦੀ ਬਜਾਏ 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੇ ਸਰਕਾਰ ਦੇ ਫੈਸਲੇ ਨੇ ਇੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣੇ ਰੋਜ਼ਗਾਰ ਨੂੰ ਲੈ ਕੇ ਚਿੰਤਾ 'ਚ ਪਾ ਦਿੱਤਾ ਹੈ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਂਗਣਵਾੜੀ ਮੁਲਾਜ਼ਮਾਂ ਵੱਲੋਂ ਤਾਂ ਥਾਂ-ਥਾਂ 'ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦਾ ਰੋਜ਼ਗਾਰ ਸੁਰੱਖਿਅਤ ਰਹਿ ਸਕੇ।
ਕਿੰਨੇ ਨੇ ਆਂਗਣਵਾੜੀ ਮੁਲਾਜ਼ਮ : Êਪੰਜਾਬ ਭਰ ਵਿਚ ਕਰੀਬ 27,000 ਆਂਗਣਵਾੜੀ ਸੈਂਟਰ ਹਨ, ਜਿੱਥੇ 2600 ਤੋਂ ਵਧੇਰੇ ਆਂਗਣਵਾੜੀ ਵਰਕਰ, 2600 ਦੇ ਕਰੀਬ ਹੀ ਆਂਗਣਵਾੜੀ ਹੈਲਪਰ ਅਤੇ 1200 ਤੋਂ ਵਧੇਰੇ ਆਂਗਣਵਾੜੀ ਮਿੰਨੀ ਵਰਕਰਾਂ ਕੰਮ ਕਰ ਰਹੀਆਂ ਹਨ। ਸੈਂਟਰ ਅਤੇ ਪੰਜਾਬ ਸਰਕਾਰਾਂ ਮਿਲ ਕੇ ਇਨ੍ਹਾਂ ਆਂਗਣਵਾੜੀ ਮੁਲਾਜ਼ਮਾਂ ਨੂੰ ਮਾਣ ਭੱਤਾ ਦਿੰਦੀਆਂ ਹਨ।
ਕੀ ਕੰਮ ਕਰਦੇ ਨੇ ਆਂਗਣਵਾੜੀ ਮੁਲਾਜ਼ਮ : ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ 2 ਅਕਤੂਬਰ 1975 ਨੂੰ ਦੇਸ਼ ਭਰ ਵਿਚ ਆਂਗਣਵਾੜੀ ਸੈਂਟਰ ਖੋਲ੍ਹੇ ਗਏ ਸਨ ਅਤੇ ਇਨ੍ਹਾਂ ਸੈਂਟਰਾਂ 'ਚ ਕੰਮ ਕਰਦੇ ਮੁਲਾਜ਼ਮ ਪ੍ਰੀ ਸਕੂਲ ਸਿੱਖਿਆ, ਪੂਰਨ ਪੌਸ਼ਟਿਕ ਖੁਰਾਕ, ਹੈਲਥ ਚੈੱਕਅਪ, ਟੀਕਾਕਰਨ, ਨਿਊਟਰੀਸ਼ਨ ਅਤੇ ਰੈਫਰਲ ਸਰਵਿਸ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਔਰਤਾਂ ਲਈ ਰੋਜ਼ਗਾਰ ਦਾ ਸਾਧਨ : ਆਂਗਣਵਾੜੀ ਸੈਂਟਰਾਂ 'ਚ ਔਰਤਾਂ ਹੀ ਵਰਕਰਾਂ, ਹੈਲਪਰਾਂ ਤੇ ਮਿੰਨੀ ਵਰਕਰਾਂ ਵਜੋਂ ਕੰਮ ਕਰਦੀਆਂ ਹਨ, ਜਿਸ ਕਾਰਨ ਇਹ ਔਰਤਾਂ ਲਈ ਰੋਜ਼ਗਾਰ ਦਾ ਵਧੀਆ ਸਰੋਤ ਹੈ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੈਂਟਰਾਂ ਦੀ ਬਜਾਏ 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੀ ਨਰਸਰੀ ਕਲਾਸਾਂ ਹੋਰ ਸ਼ੁਰੂ ਕਰਨ ਦੀ ਯੋਜਨਾ ਨਾਲ ਇਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।
ਬੱਚਿਆਂ ਦੀ ਸਾਂਭ-ਸੰਭਾਲ ਦਾ ਹੈ ਤਜਰਬਾ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਬਲਜੀਤ ਕੌਰ ਪੇਧਨੀ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਆਈ.ਸੀ.ਡੀ. ਐੈੱਸ. ਸਕੀਮ ਅਧੀਨ 6 ਸੇਵਾਵਾਂ ਦਾ ਕੰਮ ਕਰ ਰਹੀਆਂ ਹਨ, ਜਿਸ ਵਿਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਪ੍ਰੀ ਸਿੱਖਿਆ ਸੇਵਾ ਦੇਣਾ ਵੀ ਸ਼ਾਮਲ ਹੈ ਅਤੇ ਇਸ ਲਈ ਬਕਾਇਦਾ ਮਹਿਕਮੇ ਵੱਲੋਂ ਸਾਨੂੰ ਟ੍ਰੇਨਿੰਗ ਮਿਲਦੀ ਹੈ ਅਤੇ ਹੁਣ ਤੱਕ ਸਾਨੂੰ ਬੱਚਿਆਂ ਦੀ ਸਾਂਭ-ਸੰਭਾਲ ਦਾ ਲੰਬਾ ਤਜਰਬਾ ਹੋ ਚੁੱਕਾ ਹੈ ਪਰ ਸਰਕਾਰ ਤੇ ਵਿਭਾਗ ਸਾਡੇ ਤੋਂ ਇਹ ਸੇਵਾ ਖੋਹ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ 'ਚ ਗ੍ਰੈਜੂਏਟ, ਐੱਮ.ਏ., ਬੀ.ਐੱਡ. ਤੇ ਡਿਗਰੀ ਹੋਲਡਰ ਵੀ ਹਨ ਅਤੇ ਸਾਨੂੰ 42 ਸਾਲਾਂ ਦਾ ਤਜਰਬਾ ਹੈ।
ਨਸ਼ੀਲੇ ਪਦਾਰਥਾਂ ਸਮੇਤ ਪਤੀ-ਪਤਨੀ ਗ੍ਰਿਫਤਾਰ
NEXT STORY