ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਹਸਨਪੁਰ ਅਤੇ ਕਰੀਮਪੁਰਾ ਦੇ 2 ਨਾਬਾਲਗ ਬੱਚਿਆਂ ਨੂੰ ਨੋਚ-ਨੋਚ ਕੇ ਖਾਣ ਵਾਲੇ ਖੂੰਖਾਰ ਕੁੱਤੇ ਕਿਸਾਨ ਲਾਲ ਸਿੰਘ ਪੁੱਤਰ ਰਣਜੀਤ ਸਿੰਘ (ਗੁਰੂ ਨਾਨਕ ਡਾਇਰੀ) ਦੇ ਫਾਰਮ ਪਮਾਲ ’ਚ ਵੜ ਕੇ 1 ਵੱਛੀ ਅਤੇ 6 ਵੱਛੇ ਵੀ ਖਾ ਚੁੱਕੇ ਹਨ। ਇਹ ਕੁੱਤੇ ਤਾਜੀ ਸੂਈ ਮੱਝ ਦੀ ਕੱਟੀ ਵੀ ਖਾ ਗਏ, ਜਿਸ ਕਰ ਕੇ ਲੋਕ ਬਹੁਤ ਪਰੇਸ਼ਾਨ ਹਨ। ਬੀਤੀ ਰਾਤ ਵੀ ਪਿੰਡ ਹਸਨਪੁਰ ਦੇ ਘਰ ਅੰਦਰ ਦਾਖ਼ਲ ਹੋ ਕੇ ਇਨ੍ਹਾਂ ਖੂੰਖਾਰ ਕੁੱਤਿਆਂ ਨੇ 2 ਹੋਰ ਕਟਰੂਆਂ ਨੂੰ ਮਾਰ ਦਿੱਤਾ। ਕਿਸਾਨ ਲਾਲ ਸਿੰਘ ਨੇ ਦੱਸਿਆ ਕਿ ਇਹ ਕੁੱਤੇ ਇੰਨੇ ਆਦਮਖੋਰ ਹਨ ਕਿ ਜਿਹੜਾ ਵੀ ਰਾਹਗੀਰ ਜਾਂ ਇਕੱਲਾ ਬੱਚਾ ਜਾਂ ਛੋਟਾ ਡੰਗਰ ਮਿਲਦਾ ਹੈ, ਉਸ ਨੂੰ ਵੀ ਨੋਚ-ਨੋਚ ਕੇ ਖਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੱਤਿਆਂ ਨੇ ਇੰਨੀ ਅੱਤ ਮਚਾ ਰੱਖੀ ਹੈ ਕਿ ਸਾਡੇ ਕਰਿੰਦੇ ਵੀ ਫਾਰਮ ’ਚ ਵੜਨ ਤੋਂ ਡਰਦੇ ਹਨ ਕਿ ਪਤਾ ਨਹੀਂ ਕਦੋਂ ਇਹ ਕੁੱਤੇ ਹਮਲਾ ਕਰ ਦੇਣ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਕੁੱਤਿਆਂ ਤੋਂ ਸਾਨੂੰ ਅਤੇ ਪਿੰਡ ਵਾਸੀਆਂ ਨੂੰ ਨਿਜ਼ਾਤ ਦਿਵਾਉਣ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਜਾਰੀ ਹੋਏ ਹੁਕਮ
ਵੈਟਰਨਰੀ ਇੰਸ. ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਹਿਯੋਗੀ ਟੀਮ ਨੇ ਕੁੱਤਿਆਂ ਨੂੰ ਫੜ੍ਹਨ ਲਈ ਲੁਧਿਆਣਾ ਕਾਰਪੋਰੇਸ਼ਨ ਦੀ ਟੀਮ ਨਾਲ ਇਨ੍ਹਾਂ ਕੁੱਤਿਆਂ ਦੀ ਰੇਕੀ ਵੀ ਕੀਤੀ ਹੈ, ਜਿਸ ’ਚ ਇਹ ਪਤਾ ਲਗਾਇਆ ਹੈ ਕਿ ਇਹ ਕੁੱਤਿਆਂ ਦਾ ਝੁੰਡ ਰਾਤ ਪਿੰਡ ਕਰੀਮਪੁਰਾ ਦੇ ਨਾਲ ਲੱਗਦੀਆਂ ਰੇਲਵੇ ਲਾਈਨਾਂ ਕੋਲ ਪਈ ਪਰਾਲੀ ’ਚ ਕੱਟਦਾ ਹੈ ਅਤੇ ਸਵੇਰੇ ਸੇਮ ਨਾਲੇ ’ਤੇ ਫਿਰਦੇ ਰਹਿੰਦੇ ਹਨ ਅਤੇ ਫਿਰ ਹੱਡਾਰੋੜੀ ਹਸਨਪੁਰ ਜਾਂਦੇ ਹਨ। ਉਸ ਤੋਂ ਬਾਅਦ ਇਹ ਮੂੰਹ-ਹਨ੍ਹੇਰੇ ਰਣਜੀਤ ਸਿੰਘ ਜੀਤੂ ਦੇ ਪਮਾਲ ਫਾਰਮ ’ਚ ਵੀ ਜਾਂਦੇ ਹਨ, ਜਿੱਥੇ ਇਹ ਵੱਛੇ-ਵੱਛੀਆਂ ਨੂੰ ਸ਼ਿਕਾਰ ਬਣਾਉਂਦੇ ਹਨ। ਇਨ੍ਹਾਂ ਨੂੰ 17 ਜਨਵਰੀ ਨੂੰ ਸਵੇਰੇ ਫਿਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੁੱਤੇ ਫੜ੍ਹਨ ਵਾਲੀ ਟੀਮ ਫੜ੍ਹੇਗੀ ਅਤੇ ਏ. ਬੀ. ਸੀ. ਪ੍ਰੋਗਰਾਮ ਅਧੀਨ ਹੈਬੋਵਾਲ ਵਿਖੇ ਲਿਜਾ ਕੇ ਇਨ੍ਹਾਂ ਦੀ ਨਸਬੰਦੀ ਕਰੇਗੀ। ਪਿੰਡ ਹਸਨਪੁਰ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ’ਚ ਇਕ ਗੋਰਖਾ ਰਹਿੰਦਾ ਸੀ, ਉਹ ਆਪ ਤਾਂ ਚਲਾ ਗਿਆ ਪਰ ਆਪਣਾ ਪਿੱਟਬੁੱਲ ਕੁੱਤਾ ਅਵਾਰਾ ਖੁੱਲ੍ਹਾ ਛੱਡ ਗਿਆ, ਜਿਸ ਨੇ ਪਿੰਡ ਦੀਆਂ ਅਵਾਰਾ ਕੁੱਤੀਆਂ ਨਾਲ ਕ੍ਰਾਸ ਕਰ ਕੇ ਡੀ. ਐੱਨ. ਏ. ਮਿਕਸ ਬੁਲੀ ਕੁੱਤੇ ਤਿਆਰ ਕਰ ਦਿੱਤੇ ਹਨ, ਜੋ ਕਿ ਸਭ ਲਈ ਵੱਡਾ ਖ਼ਤਰਾ ਬਣੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ Cyber Attack ਤੋਂ ਬਚਾਉਣ ਦੀ ਤਿਆਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਲੋਕਾਂ ਨੂੰ ਬਚਣ ਦੀ ਅਪੀਲ
ਕਿਸਾਨ ਲਾਲ ਸਿੰਘ ਨੇ ਪਿੰਡ ਭਨੋਹੜ, ਪਮਾਲ, ਹਸਨਪੁਰ, ਕਰੀਮਪੁਰਾ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਖੂੰਖਾਰ ਪਿੱਟਬੁਲ ਕੁੱਤਿਆਂ ਤੋਂ ਬਚ ਕੇ ਰਹਿਣ, ਤਾਂ ਜੋ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਨ੍ਹਾਂ ਕੁੱਤਿਆਂ ਤੋਂ ਸਾਵਧਾਨ ਰਹਿਣ ਲਈ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ’ਚ ਅਨਾਊਂਸਮੈਂਟਾਂ ਵੀ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਕੁੱਤਿਆਂ ਨੂੰ ਬਹੁਤ ਜਲਦੀ ਫੜ੍ਹ ਕੇ ਪਿੰਡ ਵਾਸੀਆਂ ਨੂੰ ਰਾਹਤ ਦਿਵਾਏ, ਤਾਂ ਜੋ ਲੋਕ ਨਿਰਭੈ ਅਤੇ ਨਿਡਰ ਹੋ ਕੇ ਆਪਣਾ ਜੀਵਨ ਬਸਰ ਕਰ ਸਕਣ।
ਕਿਸਾਨਾਂ ਵਲੋਂ ਚੱਕਾ ਜਾਮ ਦਾ ਐਲਾਨ
ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਕਿਸਾਨ ਯੂਨੀਅਨ ਪ੍ਰਧਾਨ ਜਗਰੂਪ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਪਿੱਟਬੁੱਲ ਕੁੱਤਿਆਂ ਨੂੰ ਜਾਨੋਂ ਮਾਰਨ ਦੇ ਹੁਕਮ ਦੇਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਡੀ. ਸੀ. ਵਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਐਤਵਾਰ ਨੂੰ ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ ਜਾਮ ਕਰ ਦੇਣਗੇ ਕਿਉਂਕਿ ਇਨ੍ਹਾਂ ਕੁੱਤਿਆਂ ਕਾਰਨ ਪਿੰਡ ਪਮਾਲ, ਭਨਹੋੜ, ਹਸਨਪੁਰ, ਕਰੀਮਪੁਰਾ ਅਤੇ ਬਾਕੀ ਆਸ-ਪਾਸ ਦੇ ਪਿੰਡਾਂ 'ਚ ਇੰਨਾ ਡਰ ਦਾ ਮਾਹੌਲ ਹੈ ਕਿ ਲੋਕ ਘਰੋਂ ਨਿਕਲਣ ਤੋਂ ਵੀ ਡਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ
NEXT STORY