ਲੁਧਿਆਣਾ (ਰਾਜ) - ਮਹਾਨਗਰ ਲੁੱਟਾਂ-ਖੋਹਾਂ ਦਾ ਨਗਰ ਬਣਦਾ ਜਾ ਰਿਹਾ ਹੈ। ਹਰ ਰੋਜ਼ ਲੁਟੇਰੇ ਖੁੱਲ੍ਹੇਆਮ ਲੁੱਟ ਦੀਆਂ ਵਾਰਦਾਤਾਂ ਕਰ ਰਹੇ ਹਨ। ਲੁਟੇਰਿਆਂ ਨੇ ਇਹ ਵਾਰਦਾਤ ਕਿਚਲੂ ਨਗਰ, ਫਿਰ ਸਲੇਮ ਟਾਬਰੀ ਅਤੇ ਹੁਣ ਪੁਲਸ ਸਟੇਸ਼ਨ ਡਵੀਜ਼ਨ ਨੰਬਰ-4 ਦੇ ਇਲਾਕੇ ’ਚ ਕੀਤੀ। ਐਕਟਿਵਾ ਸਵਾਰ ਇਕ ਫੈਕਟਰੀ ਵਰਕਰ ਤੋਂ ਤੇਜ਼ਧਾਰ ਹਥਿਆਰਾਂ ਦੇ ਬਲ ’ਤੇ ਤੋਂ 15 ਲੱਖ ਰੁਪਏ ਲੁੱਟ ਲਏ ਗਏ। ਮੰਨਾ ਸਿੰਘ ਨਗਰ ਨੇੜੇ ਐਲੀਵੇਟਿਡ ਰੋਡ ’ਤੇ 3 ਬਾਈਕ ਸਵਾਰ ਲੁਟੇਰਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਮਜ਼ਦੂਰ ਦੀ ਲੁਟੇਰਿਆਂ ਨਾਲ ਝੜਪ ਵੀ ਹੋਈ, ਜਿਸ ’ਚ ਉਸ ਦੇ ਹੱਥ ਅਤੇ ਸਿਰ ’ਤੇ ਵੀ ਸੱਟਾਂ ਲੱਗੀਆਂ।
ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀ ਅਤੇ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਹਾਲਾਂਕਿ, ਸ਼ੁਰੂਆਤੀ ਜਾਂਚ ’ਚ ਪੁਲਸ ਇਸ ਨੂੰ ਲੁੱਟ ਦਾ ਸ਼ੱਕੀ ਮਾਮਲਾ ਮੰਨ ਰਹੀ ਹੈ ਪਰ ਹੁਣ ਪੁਲਸ ਖੁੱਲ੍ਹ ਕੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਫਿਲਹਾਲ ਪੁਲਸ ਅਸਲ ਸੱਚਾਈ ਜਾਣਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਰਾਜਪਾਲ ਚੌਧਰੀ ਨੇ ਦੱਸਿਆ ਕਿ ਉਹ ਬਹਾਦੁਰ ਰੋਡ ’ਤੇ ਸਥਿਤ ਇਕ ਫੈਕਟਰੀ ’ਚ ਕੰਮ ਕਰਦਾ ਹੈ। ਉਹ ਸ਼ਹਿਰ ’ਚ ਫੈਕਟਰੀ ਦਾ ਕੈਸ਼ ਕੁਲੈਕਸ਼ਨ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਅੱਜ ਸ਼ਹਿਰ ਤੋਂ ਲੱਗਭੱਗ 15 ਲੱਖ ਰੁਪਏ ਇਕੱਠੇ ਕੀਤੇ ਸਨ, ਜਿਸ ਨੂੰ ਉਸ ਨੇ ਆਪਣੇ ਬੈਗ ’ਚ ਰੱਖਿਆ ਹੋਇਆ ਸੀ। ਸ਼ਾਮ 4.30 ਵਜੇ ਦੇ ਕਰੀਬ, ਉਹ ਆਪਣੀ ਐਕਟਿਵਾ ’ਤੇ ਬੈਗ ਆਪਣੇ ਗਲੇ ’ਚ ਲਟਕਾਏ ਹੋਏ ਐਲੀਵੇਟਿਡ ਰੋਡ ’ਤੇ ਜਾ ਰਿਹਾ ਸੀ। ਮੰਨਾ ਸਿੰਘ ਨਗਰ ਨੇੜੇ, 3 ਬਾਈਕ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਲੁਟੇਰਿਆਂ ਨੇ ਉਸ ਦਾ ਬੈਗ ਲੁੱਟ ਲਿਆ। ਉਸ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਨਾਲ ਝੜਪ ਹੋ ਗਈ, ਜਿਸ ’ਚ ਉਹ ਵੀ ਜ਼ਖਮੀ ਹੋ ਗਿਆ ਪਰ ਫਿਰ ਵੀ ਲੁਟੇਰਿਆਂ ਨੇ ਆਸਾਨੀ ਨਾਲ ਬੈਗ ਲੁੱਟ ਲਿਆ ਅਤੇ ਭੱਜ ਗਏ। ਘਟਨਾ ਤੋਂ ਤੁਰੰਤ ਬਾਅਦ ਉਸ ਨੇ ਫੈਕਟਰੀ ਮਾਲਕ ਅਤੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚ ਗਈ।
ਦੂਜੇ ਪਾਸੇ, ਥਾਣਾ ਡਵੀਜ਼ਨ-4 ਦੇ ਐੱਸ. ਐੱਚ. ਓ. ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਥੋੜ੍ਹਾ ਸ਼ੱਕੀ ਜਾਪਦਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਪਹਿਲਾਂ ਵੀ ਲੁੱਟਿਆ ਜਾ ਚੁੱਕਾ ਹੈ। ਉਸ ਨੇ ਵੱਧ ਰਕਮ ਲਿਖੀ ਸੀ ਪਰ ਬਾਅਦ ’ਚ ਜੋ ਰਕਮ ਨਿਕਲੀ ਉਹ ਘੱਟ ਸੀ। ਇਸੇ ਲਈ ਪੁਲਸ ਇਸ ਵੇਲੇ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਕਾਰ 'ਚ ਸਵਾਰ ਔਰਤਾਂ ਨੇ ਇੱਕ ਬਜ਼ੁਰਗ ਔਰਤ ਤੋਂ ਖੋਹਿਆ ਸੋਨੇ ਦਾ ਬ੍ਰੇਸਲੇਟ
NEXT STORY