ਚੰਡੀਗੜ੍ਹ (ਪ੍ਰੀਕਸ਼ਿਤ) : 50 ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਆਈ. ਆਰ. ਐੱਸ. ਅਧਿਕਾਰੀ ਅਮਿਤ ਕੁਮਾਰ ਸਿੰਘਲ ਖ਼ਿਲਾਫ਼ ਮੁਕੱਦਮਾ ਚਲਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਵਿੱਤ ਮੰਤਰਾਲੇ ਦੇ ਮਾਲ ਵਿਭਾਗ ਨੇ ਸਿੰਘਲ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਸੀ. ਬੀ. ਆਈ. ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੋਵੇਗੀ। ਪਿਛਲੇ ਸਾਲ ਸੀ. ਬੀ. ਆਈ. ਨੇ ਰਿਸ਼ਵਤ ਅਤੇ ਬਲੈਕਮੇਲਿੰਗ ਦੇ ਦੋਸ਼ਾਂ 'ਚ ਆਈ. ਆਰ. ਐੱਸ. ਅਧਿਕਾਰੀ ਅਮਿਤ ਕੁਮਾਰ ਸਿੰਘਲ ਅਤੇ ਵਿਚੋਲੇ ਹਰਸ਼ ਕੋਟਕ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਇਸ ਸਮੇਂ ਜ਼ਮਾਨਤ ’ਤੇ ਹਨ। ਜ਼ਿਲ੍ਹਾ ਅਦਾਲਤ 'ਚ ਚਾਰਜਸ਼ੀਟ ਵੀ ਦਾਇਰ ਹੋ ਚੁੱਕੀ ਹੈ। ਦੋਸ਼ ਹੈ ਕਿ ਸਿੰਘਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਵਿਚੋਲੇ ਹਰਸ਼ ਰਾਹੀਂ ਫੂਡ ਚੇਨ ਲੈਪਿਨੋ ਪੀਜ਼ਾ ਦੇ ਮਾਲਕ ਸਨਮ ਕਪੂਰ ਤੋਂ ਰਿਸ਼ਵਤ ਮੰਗੀ ਸੀ। ਗ੍ਰਿਫ਼ਤਾਰੀ ਤੋਂ ਬਾਅਦ ਸੀ. ਬੀ. ਆਈ. ਨੇ ਅਮਿਤ ਕੁਮਾਰ ਦੇ ਦਿੱਲੀ ਅਤੇ ਫੇਜ਼ 7 ਮੋਹਾਲੀ ਸਥਿਤ ਘਰਾਂ ’ਤੇ ਛਾਪੇਮਾਰੀ ਕੀਤੀ ਅਤੇ ਲਗਭਗ 3.5 ਕਿਲੋ ਸੋਨਾ, 2 ਕਿਲੋ ਚਾਂਦੀ, 1 ਕਰੋੜ ਰੁਪਏ ਨਕਦ ਅਤੇ ਕਈ ਜਾਇਦਾਦਾਂ ਨਾਲ ਸਬੰਧਿਤ ਦਸਤਾਵੇਜ਼ ਬਰਾਮਦ ਕੀਤੇ ਸਨ।
ਮੁੰਬਈ ਵਿਚ ਇਕੱਠੇ ਸ਼ੁਰੂ ਕੀਤੀ ਸੀ ਫਰੈਂਚਾਇਜ਼ੀ
ਕੋਪਨਹੇਗਨ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਤੇ ਲੈਪਿਨੋ ਪੀਜ਼ਾ ਫਰੈਂਚਾਇਜ਼ੀ ਦੇ ਮਾਲਕ ਸਨਮ ਕਪੂਰ ਨੇ ਸੀ. ਬੀ. ਆਈ. ਨੂੰ ਸ਼ਿਕਾਇਤ ਦਿੱਤੀ ਸੀ। ਸਿੰਘਲ ਨੇ ਮੁੰਬਈ ਵਿਚ ਉਨ੍ਹਾਂ ਨਾਲ ਇਕ ਫਰੈਂਚਾਇਜ਼ੀ ਸ਼ੁਰੂ ਕੀਤੀ ਸੀ। ਉਸ ਸਮੇਂ ਸਿੰਘਲ ਮੁੰਬਈ ਕਸਟਮ ਵਿਭਾਗ ਵਿਚ ਸੰਯੁਕਤ ਕਮਿਸ਼ਨਰ ਵਜੋਂ ਤਾਇਨਾਤ ਸੀ। ਇਹ ਕਾਰੋਬਾਰ ਆਪਣੀ ਮਾਂ ਅਤੇ ਹਰਸ਼ ਕੋਟਕ ਦੇ ਨਾਮ ’ਤੇ ਕੀਤਾ ਸੀ। ਬਾਅਦ ਵਿਚ ਕਪੂਰ ਨੇ ਸਮਝੌਤੇ ਦੀ ਉਲੰਘਣਾ ਕਰਕੇ ਸਾਂਝੇਦਾਰੀ ਤੋੜ ਦਿੱਤੀ, ਜਿਸ ਕਾਰਨ ਦੋਹਾਂ ਵਿਚਕਾਰ ਵਿਵਾਦ ਹੋ ਗਿਆ। ਸਿੰਘਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਕਪੂਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। 18 ਫਰਵਰੀ 2025 ਨੂੰ ਕਪੂਰ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਿਆ ਜਿਸ ਵਿਚ ਭਾਰੀ ਜੁਰਮਾਨੇ ਦੀ ਚਿਤਾਵਨੀ ਦਿੱਤੀ ਗਈ ਸੀ। ਜਦੋਂ ਕਪੂਰ ਨੇ ਹਰਸ਼ ਨਾਲ ਸੰਪਰਕ ਕੀਤਾ ਤਾਂ ਉਸ ਨੇ ਸਿੰਘਲ ਨਾਲ ਗੱਲ ਕਰਨ ਲਈ ਕਿਹਾ। ਦੋਸ਼ ਹੈ ਕਿ ਸਿੰਘਲ ਨੇ ਨੋਟਿਸ ਰੱਦ ਕਰਵਾਉਣ ਦੇ ਬਦਲੇ 45 ਲੱਖ ਦੀ ਰਿਸ਼ਵਤ ਮੰਗੀ ਸੀ। ਕਪੂਰ ਦੀ ਸ਼ਿਕਾਇਤ ਤੋਂ ਬਾਅਦ ਸੀ. ਬੀ. ਆਈ. ਨੇ ਟਰੈਪ ਲਗ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ! ਪ੍ਰਾਪਰਟੀ ਸੌਦਿਆਂ ’ਤੇ ਸਰਕਾਰੀ ਰਾਡਾਰ, ਸਖ਼ਤ ਹੁਕਮ ਜਾਰੀ
NEXT STORY