ਜਲੰਧਰ (ਸੋਮਨਾਥ, ਵਰੁਣ) : ਸ਼ਹਿਰ ਦੇ ਭਗਤ ਸਿੰਘ ਚੌਕ ਨੇੜੇ ਮੋਬਾਈਲ ਹਾਊਸ ਦੇ ਬਾਹਰ ਬੁੱਧਵਾਰ ਦੀ ਦੁਪਹਿਰ ਹਰਿਆਣਾ ਦੇ ਕੈਥਲ ਤੋਂ ਆਈ ਪੁਲਸ ਨੇ 2 ਨੌਜਵਾਨਾਂ ਨੂੰ ਫਿਲਮੀ ਅੰਦਾਜ਼ 'ਚ ਗ੍ਰਿਫਤਾਰ ਕੀਤਾ ਹੈ। ਨੌਜਵਾਨਾਂ ਨੂੰ ਫੜਨ ਲਈ ਪੁਲਸ ਨੇ ਗੋਲੀ ਵੀ ਚਲਾਈ, ਜਿਸ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹ ਤਾਂ ਬਾਅਦ ਵਿਚ ਪਤਾ ਲੱਗਿਆ ਕਿ ਗੋਲੀ ਚਲਾਉਣ ਵਾਲੇ ਕੋਈ ਗੈਂਗਸਟਰ ਜਾਂ ਲੁਟੇਰੇ ਨਹੀਂ, ਸਗੋਂ ਹਰਿਆਣਾ ਪੁਲਸ ਦੇ ਮੁਲਾਜ਼ਮ ਸਨ। ਗੋਲੀ ਚਲਾਉਣ ਦਾ ਕਾਰਣ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਉਪਰ ਕਾਰ ਚੜ੍ਹਾਉਣਾ ਦੱਸਿਆ ਹੈ। ਸ਼ਹਿਰ ਵਾਸੀ ਸ਼ਾਮ ਤੱਕ ਇਸਨੂੰ ਕਿਡਨੈਪਿੰਗ ਸਮਝਦੇ ਰਹੇ। ਫੜੇ ਗਏ ਦੋਵੇਂ ਨੌਜਵਾਨਾਂ 'ਚੋਂ ਇਕ ਨੌਜਵਾਨ ਅਜੇ ਕੁਮਾਰ ਪੁੱਤਰ ਰਾਮ ਕਿਸ਼ਨ ਨਿਵਾਸੀ ਕੈਥਲ (ਹਰਿਆਣਾ) ਦੱਸਿਆ ਜਾ ਰਿਹਾ ਹੈ ਜੋ ਕਿ ਕੈਥਲ ਪੁਲਸ ਨੂੰ ਵਾਂਟੇਡ ਸੀ। ਦੂਸਰਾ ਨੌਜਵਾਨ ਕਰਮਜੀਤ ਸਿੰਘ ਜਲੰਧਰ ਦੇ ਪਠਾਨਕੋਟ ਦੇ ਨੇੜੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕੈਥਲ ਦਾ ਨੌਜਵਾਨ ਅਜੇ ਕਈ ਹੱਤਿਆਵਾਂ ਅਤੇ ਲੁੱਟ-ਮਾਰ ਦੇ ਮਾਮਲਿਆਂ ਵਿਚ ਸ਼ਾਮਲ ਰਹਿ ਚੁੱਕਾ ਹੈ। ਕੁਝ ਮਾਮਲਿਆਂ ਵਿਚੋਂ ਉਹ ਬਰੀ ਹੋ ਚੁੱਕਾ ਹੈ ਅਤੇ ਇਕ ਮਾਮਲੇ 'ਚ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਭਾਵੇਂ ਹਰਿਆਣਾ ਪੁਲਸ ਅਜੇ ਨੂੰ ਲੈ ਕੇ ਕੈਥਲ ਰਵਾਨਾ ਹੋ ਚੁੱਕੀ ਹੈ ਪਰ ਅਜੇ ਜਲੰਧਰ ਵਿਚ ਕਿਸ ਲਈ ਰਹਿ ਰਿਹਾ ਸੀ, ਇਸ ਉਤੋਂ ਪਰਦਾ ਨਹੀਂ ਉੱਠ ਪਾਇਆ।
ਇਹ ਵੀ ਪੜ੍ਹੋ : ਫਗਵਾੜਾ ਗੇਟ ਗੋਲੀਕਾਂਡ: ਜਲੰਧਰ 'ਚ ਹੀ ਰਹਿ ਰਿਹਾ ਸੀ ਹਰਿਆਣੇ ਦਾ ਕ੍ਰਿਮੀਨਲ, ਪੁਲਸ ਸੀ ਬੇਖਬਰ
ਜ਼ਿਕਰਯੋਗ ਹੈ ਕਿ ਜਲੰਧਰ ਦੇ ਥਾਣਾ 4 ਦੇ ਨੇੜੇ-ਤੇੜੇ ਕਈ ਹੱਤਿਆਵਾਂ ਤੇ ਲੁੱਟ-ਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਜਿਸ ਵਿਚ ਭਗਵਾਨ ਵਾਲਮੀਕਿ ਚੌਕ ਨੇੜੇ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਅਤੇ ਕੰਪਨੀ ਬਾਗ ਦੇ ਨੇੜੇ ਬਿੱਲਾ ਹੱਤਿਆਕਾਂਡ ਸ਼ਾਮਲ ਹੈ। ਇਸ ਦੇ ਨਾਲ ਹੀ 2008 ਵਿਚ ਜਨਰਲ ਪੋਸਟ ਆਫਿਸ ਵਿਚ 40 ਲੱਖ ਦੀ ਹੋਈ ਡਕੈਤੀ ਵੀ ਸ਼ਾਮਲ ਹੈ, ਹਾਲਾਂਕਿ ਗਗਨੇਜਾ ਹੱਤਿਆਕਾਂਡ ਨੂੰ ਪਿਛਲੇ ਸਾਲ ਐੱਨ. ਆਈ. ਏ. ਨੇ ਸੁਲਝਾ ਲਿਆ ਹੈ ਪਰ ਹੱਤਿਆਵਾਂ ਅਤੇ ਡਕੈਤੀ ਲਈ ਥਾਣਾ ਨੰਬਰ 4 ਦੇ ਨੇੜੇ-ਤੇੜੇ ਦਾ ਏਰੀਆ ਹੀ ਕਿਉਂ ਚੁਣਿਆ ਜਾਂਦਾ ਹੈ, ਇਸ ਨੂੰ ਲੈ ਕੇ ਹਾਲੇ ਵੀ ਸੀ.ਬੀ. ਆਈ. ਅਤੇ ਐੱਨ. ਆਈ. ਏ. ਤੋਂ ਲੈ ਕੇ ਕਿਸੇ ਵੀ ਜਾਂਚ ਏਜੰਸੀ ਦੇ ਹੱਥ ਕੁਝ ਨਹੀਂ ਲੱਗਾ।
16 ਅਗਸਤ 2016 ਦੀ ਦੇਰ ਸ਼ਾਮ ਜਲੰਧਰ ਦੇ ਭੀੜ-ਭਾੜ ਵਾਲੇ ਵਾਲਮੀਕਿ ਚੌਕ ਦੇ ਨੇੜੇ ਸਾਬਕਾ ਐੱਸ.ਐੱਸ. ਪੀ. ਦਫਤਰ ਦੇ ਬਾਹਰ ਮਾਰੀਆਂ ਸਨ ਬ੍ਰਿਗੇਡੀਅਰ (ਰਿਟਾਇਰਡ) ਜਗਦੀਸ਼ ਗਗਨੇਜਾ ਨੂੰ ਗੋਲੀਆਂ।
3 ਜੂਨ 2016 ਦੀ ਸਵੇਰ ਕੰਪਨੀ ਬਾਗ ਚੌਕ ਦੇ ਸਾਹਮਣੇ ਸ਼ਰੇਆਮ 3 ਗੋਲੀਆਂ ਮਾਰ ਕੇ ਬਿਜ਼ਨੈੱਸਮੈਨ ਅਨਿਲ ਕੁਮਾਰ ਬਿੱਲਾ ਦੀ ਉਸਦੀ ਗੱਡੀ ਵਿਚ ਹੱਤਿਆ ਕਰ ਦਿੱਤੀ ਗਈ।
ਆਵਾਰਾਂ ਪਸ਼ੂਆਂ ਨੇ ਲਈ ਦੋ ਬੱਚਿਆਂ ਦੇ ਪਿਓ ਦੀ ਜਾਨ
NEXT STORY