ਖੰਨਾ(ਸੁਨੀਲ) - ਪੁਲਸ ਨੇ ਅੱਜ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਖਤਰਨਾਕ ਹਥਿਆਰ, ਨਕਦੀ ਅਤੇ ਨਸ਼ੀਲਾ ਪਾਊਡਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਖੰਨਾ ਵਿਖੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਜ਼ਿਲਾ ਖੰਨਾ ਦੇ ਐੱਸ. ਪੀ. ਡੀ. ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੂੰ ਇਕ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਭੱਟੀਆਂ ਵਿਖੇ ਇੱਟਾਂ ਬਣਾਉਣ ਵਾਲੀ ਬੰਦ ਪਈ ਫੈਕਟਰੀ ਦੇ ਅੰਦਰ ਕਥਿਤ ਦੋਸ਼ੀ ਵਿਜੈ ਕੁਮਾਰ ਉਰਫ ਕਾਲੇ, ਅਮਿਤ ਕੁਮਾਰ, ਜੈ ਕੁਮਾਰ, ਸੰਦੀਪ ਕੁਮਾਰ ਤੇ ਬਾੜੇ ਨਿਵਾਸੀ ਆਦਰਸ਼ ਕਾਲੋਨੀ ਜ਼ਿਲਾ ਮੁਰਾਦਾਬਾਦ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਲੁਟੇਰਿਆਂ ਨੇ ਮਿਤੀ 4.7.2017 ਨੂੰ ਖੰਨਾ ਸ਼ਹਿਰ 'ਚ ਔਰਤਾਂ ਤੋਂ 64 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ। ਜਿਸ 'ਤੇ ਸਿਟੀ ਪੁਲਸ ਨੇ ਮੁਦਈ ਸੁਰਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਖੰਨਾ ਦੀ ਸ਼ਿਕਾਇਤ 'ਤੇ ਉਸ ਵੇਲੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਸੀ। ਐੱਸ. ਪੀ. ਡੀ. ਨੇ ਦੱਸਿਆ ਕਿ ਉਪਰੋਕਤ ਗਿਰੋਹ ਦੇ ਸਾਰੇ ਮੈਂਬਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਤੇ ਇਹ ਲੋਕ 24 ਘੰਟੇ ਮਾਰੂ ਹਥਿਆਰਾਂ ਦੇ ਨਾਲ ਲੈਸ ਰਹਿੰਦੇ ਹਨ। ਅੱਜ ਵੀ ਇਹ ਲੋਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਇੰਸਪੈਕਟਰ ਭੁਪਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਜਰਨੈਲ ਸਿੰਘ, ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਭੱਟੀਆਂ ਵਿਖੇ ਰੇਡ ਕਰਦੇ ਹੋਏ ਵਿਜੈ ਕੁਮਾਰ ਤੇ ਅਮਿਤ ਕੁਮਾਰ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦੇ ਤਿੰਨ ਸਾਥੀ ਭੱਜਣ 'ਚ ਕਾਮਯਾਬ ਹੋ ਗਏ। ਪੁਲਸ ਨੇ ਇਨ੍ਹਾਂ ਕੋਲੋਂ ਲੋਹੇ ਦੀਆਂ ਰਾਡਾਂ, ਇਕ ਮੋਟਰਸਾਈਕਲ ਤੇ 16 ਹਜ਼ਾਰ ਰੁਪਏ ਨਕਦ ਵੀ ਬਰਾਮਦ ਕੀਤੇ। ਪੁਲਸ ਨੇ ਤਲਾਸ਼ੀ ਦੌਰਾਨ ਅਮਿਤ ਕੁਮਾਰ ਕੋਲੋਂ 200 ਗ੍ਰਾਮ ਨਸ਼ੀਲਾ ਪਾਊਡਰ ਤੇ ਵਿਜੈ ਕੁਮਾਰ ਕੋਲੋਂ 215 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਇਕ ਹੋਰ ਮੁਕੱਦਮਾ ਵੀ ਦਰਜ ਕੀਤਾ ਹੈ। ਐੱਸ. ਪੀ. ਡੀ. ਨੇ ਦੱਸਿਆ ਕਿ ਫਰਾਰ ਹੋਏ ਕਥਿਤ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਨ੍ਹਾਂ ਤੋਂ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।
ਲੁਧਿਆਣਾ ਦੇ ਸਰਕਾਰੀ ਦਫਤਰ 'ਚ ਬਾਲ ਮਜ਼ਦੂਰੀ ਦੀ ਗੂੰਜ ਪੁੱਜੀ ਚੰਡੀਗੜ੍ਹ
NEXT STORY