ਲੁਧਿਆਣਾ(ਖੁਰਾਣਾ)-ਨਗਰ ਦੇ ਫਿਰੋਜ਼ਪੁਰ ਰੋਡ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੀ ਕੰਟੀਨ 'ਚ ਹੋ ਰਹੀ ਕਥਿਤ ਬਾਲ ਮਜ਼ਦੂਰੀ ਦੀ ਗੂੰਜ ਅੱਜ ਚੰਡੀਗੜ੍ਹ ਸਥਿਤ ਚਾਈਲਡ ਰਾਈਟਸ ਕਮਿਸ਼ਨ ਪੰਜਾਬ ਦੇ ਬਾਲ ਭਵਨ ਅਤੇ ਬਾਲ ਲੇਬਰ ਵਿਭਾਗ ਦੇ ਗਲਿਆਰਿਆਂ 'ਚ ਗੂੰਜਦੀ ਰਹੀ। ਇਸ ਮੁੱਦੇ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਲੇਬਰ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਅਤੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਨਰਿੰਦਰਪਾਲ ਸਿੰਘ ਨੂੰ ਨਿਰਦੇਸ਼ ਜਾਰੀ ਕਰ ਕੇ ਉਕਤ ਕੇਸ 'ਤੇ ਕਾਰਵਾਈ ਕਰਨ ਤੋਂ ਇਲਾਵਾ ਪੀ. ਏ. ਯੂ. ਅਤੇ ਕੋਰਟ ਕੰਪਲੈਕਸ ਸਮੇਤ ਹੋਰਨਾਂ ਸਰਕਾਰੀ ਵਿਭਾਗਾਂ 'ਚ ਪੈਂਦੀਆਂ ਕੰਟੀਨਾਂ ਵਿਚ ਚੈਕਿੰਗ ਮੁਹਿੰਮ ਚਲਾਉਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਕਾਰਵਾਈ ਦੌਰਾਨ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਠੇਕੇਦਾਰ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਥੇ ਦੱਸਣਾ ਉਚਿਤ ਰਹੇਗਾ ਕਿ ਗਡਵਾਸੂ (ਸਰਕਾਰੀ ਦਫਤਰ) 'ਚ ਹੋ ਰਹੀ ਕਥਿਤ ਬਾਲ ਮਜ਼ਦੂਰੀ ਸਬੰਧੀ ਸਮਾਜ-ਸੇਵੀ ਕੁਲਦੀਪ ਸਿੰਘ ਖਹਿਰਾ ਨੇ ਇਕ ਸ਼ਿਕਾਇਤ ਪੱਤਰ ਈ-ਮੇਲ ਰਾਹੀਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਮਰਜੀਤ ਸਿੰਘ ਨੰਦਾ ਅਤੇ ਚਾਈਲਡ ਰਾਈਟਸ ਕਮਿਸ਼ਨ ਪੰਜਾਬ ਦੇ ਚੇਅਰਮੈਨ ਸੁਕੇਸ਼ ਕਾਲੀਆ ਨੂੰ ਭੇਜਿਆ ਹੈ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਗਡਵਾਸੂ ਦੀ ਉਕਤ ਕੰਟੀਨ 'ਚ ਮੈੱਸ ਚਾਲਕ ਵੱਲੋਂ 14 ਸਾਲ ਤੋਂ ਘੱਟ ਉਮਰ ਦੇ ਲੜਕੇ ਤੋਂ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਵਿਭਾਗ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰੀ ਵਿਭਾਗਾਂ 'ਚ ਹੀ ਕਥਿਤ ਬਾਲ ਮਜ਼ਦੂਰੀ ਵਰਗਾ ਗੰਭੀਰ ਰੋਗ ਪੈਦਾ ਹੋਣ ਲੱਗਾ ਤਾਂ ਫਿਰ ਸਾਡਾ ਸਮਾਜ ਬੀਮਾਰੀਆਂ ਤੋਂ ਕਿਵੇਂ ਅਣਛੂਹਿਆ ਰਹੇਗਾ।
ਵਿਦਿਆਰਥੀਆਂ ਨੇ ਮਾਸੂਮ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਾਉਣ ਦੀ ਠਾਣੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੂਨੀਵਰਸਿਟੀ 'ਚ ਸਿੱਖਿਆ ਪ੍ਰਾਪਤ ਕਰ ਰਹੇ ਕੁਝ ਵਿਦਿਆਰਥੀਆਂ ਨੇ ਹੀ ਕੰਟੀਨ 'ਚ ਬਾਲ ਮਜ਼ਦੂਰੀ ਕਰ ਰਹੇ ਮਾਸੂਮ ਨੂੰ ਇਸ ਕੈਦ ਤੋਂ ਛੁਡਵਾਉਣ ਦੀ ਠਾਣ ਲਈ ਹੈ। ਇਸ ਲਈ ਉਨ੍ਹਾਂ ਨੇ ਮੋਬਾਇਲ ਰਾਹੀਂ ਵੀਡੀਓ ਕਲਿਪ ਤਿਆਰ ਕਰ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਹੈ ਤਾਂ ਕਿ ਕਿਸੇ ਤਰ੍ਹਾਂ ਨਾਲ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹਣ ਅਤੇ ਉਕਤ ਬਾਲ ਮਜ਼ਦੂਰ ਦਾ ਭਵਿੱਖ ਉੱਜਲ ਹੋ ਸਕੇ।
ਸਹੋਲੀ 'ਚ ਫੈਲਿਆ ਗੈਸਟ੍ਰੋ, 2 ਲੋਕਾਂ ਦੀ ਮੌਤ
NEXT STORY