ਜਲੰਧਰ(ਪ੍ਰੀਤ, ਸੁਧੀਰ)—ਬੀਤੇ ਦਿਨੀਂ ਇਕ ਕੰਪਨੀ ਤੇ ਮਈ ਮਹੀਨੇ ਵਿਚ ਇਕ ਬੁਟੀਕ 'ਤੇ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਥਾਣਾ ਨੰਬਰ 2 ਦੀ ਪੁਲਸ ਨੇ ਹੱਲ ਕਰ ਲਿਆ ਹੈ। ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਔਰਤ ਸਣੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਨੰ. 2 ਦੇ ਅਧੀਨ ਆਉਂਦੀ ਕੰਪਨੀ ਨਿਫਰੋ ਕੇਅਰ ਪ੍ਰਾਈਵੇਟ ਲਿਮਟਿਡ ਵਿਚੋਂ ਚੋਰ ਲੋਹੇ ਦੀ ਵੱਡੀ ਅਲਮਾਰੀ ਚੋਰੀ ਕਰ ਕੇ ਲੈ ਗਏ, ਜਿਸ ਵਿਚ 1.48 ਲੱਖ ਰੁਪਏ ਸਨ। ਥਾਣਾ ਨੰਬਰ 2 ਦੇ ਐੱਸ. ਐੱਚ. ਓ. ਦਲਜੀਤ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਪਰਮਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰਾਕੇਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਨੇੜੇ ਪੀ. ਏ. ਪੀ. ਗੇਟ ਨੰਬਰ 5 ਤੇ ਅਨਾਮੁਲ ਪੁੱਤਰ ਮੋਂਠੂ ਵਾਸੀ ਬਸਤੀ ਪੀਰਦਾਦ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਕੋਲੋਂ ਚੋਰੀ ਦੀ ਅਲਮਾਰੀ ਤੇ ਉਸ ਵਿਚ ਪਏ 1.48 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਏ. ਸੀ. ਪੀ. ਸਤਿੰਦਰ ਚੱਢਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏ. ਸੀ. ਪੀ. ਚੱਢਾ ਨੇ ਦੱਸਿਆ ਕਿ ਮਈ ਮਹੀਨੇ ਵਿਚ ਸੈਨੋਰਿਕਾ ਬੁਟੀਕ ਆਦਰਸ਼ ਨਗਰ ਦੀ ਮਾਲਕਣ ਪਰਮਜੀਤ ਕੌਰ ਦਾ ਪਰਸ ਚੋਰੀ ਹੋ ਗਿਆ ਸੀ। ਜਾਂਚ ਦੌਰਾਨ ਏ. ਐੱਸ. ਆਈ. ਪਰਮਜੀਤ ਕੁਮਾਰ ਨੇ ਬੀਤੇ ਦਿਨ ਪਰਸ ਚੋਰੀ ਦੇ ਮਾਮਲੇ ਵਿਚ ਮੋਨੂੰ ਪਤਨੀ ਰਿਹਾਨ ਖਾਨ ਵਾਸੀ ਹਾਊਸਿੰਗ ਬੋਰਡ ਕਾਲੋਨੀ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੇ 10 ਹਜ਼ਾਰ ਰੁਪਏ ਤੇ 2 ਮੋਬਾਇਲ ਫੋਨ ਬਰਾਮਦ ਕੀਤੇ। ਕਾਰ ਵਿਚੋਂ ਲੈਪਟਾਪ ਚੋਰੀ ਕਰਨ ਵਾਲਾ ਕਾਬੂ : ਏ. ਸੀ. ਪੀ. ਸਤਿੰਦਰ ਚੱਢਾ ਨੇ ਦੱਸਿਆ ਕਿ 10 ਜੁਲਾਈ ਨੂੰ ਨੀਰਜ ਸ਼ਰਮਾ ਵਾਸੀ ਨਿਊ ਦਿਓਲ ਨਗਰ ਨੇ ਅੱਜ ਥਾਣਾ ਨੰਬਰ 4 ਵਿਚ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੁਪਹਿਰ ਵੇਲੇ ਉਹ ਆਪਣੀ ਫੋਰਡ ਫੀਗੋ ਕਾਰ ਰੈੱਡ ਕਰਾਸ ਮਾਰਕੀਟ ਦੇ ਨੇੜੇ ਖੜ੍ਹੀ ਕਰ ਕੇ ਗਿਆ। ਵਾਪਸ ਪਰਤਿਆ ਤਾਂ ਉਸ ਵਿਚੋਂ ਲੈਪਟਾਪ ਤੇ 30 ਹਜ਼ਾਰ ਦੀ ਨਕਦੀ ਗਾਇਬ ਸੀ। ਇਸ ਸੰੰਬੰਧੀ ਥਾਣਾ ਨੰਬਰ 4 ਦੇ ਇੰਸ. ਬਲਵੀਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਜਾਂਚ ਦੌਰਾਨ ਵਿਸ਼ਾਲ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਗੁਰੂ ਨਾਨਕਪੁਰਾ ਵੈਸਟ ਨੂੰ ਗ੍ਰਿਫਤਾਰ ਕਰ ਕੇ ਚੋਰੀ ਦਾ ਲੈਪਟਾਪ ਬਰਾਮਦ ਕੀਤਾ ਹੈ।
ਚੋਰ 10 ਕਿਲੋਮੀਟਰ ਬਿਜਲੀ ਦੀ ਤਾਰ ਚੋਰੀ ਕਰ ਕੇ ਲੈ ਗਏ
NEXT STORY