ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ, ਰੂਪਕ)- ਸੰਗਰੂਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਾਲੇਰਕੋਟਲਾ ਵਿਖੇ ਹੋਈ ਲੁੱਟ-ਖੋਹ ਦੀ ਵਾਰਦਾਤ 'ਚ 2 ਅਣਪਛਾਤੇ ਦੋਸ਼ੀਆਂ ਦੀ ਸ਼ਨਾਖਤ ਹੋ ਗਈ। ਜਾਣਕਾਰੀ ਦਿੰਦਿਆਂ ਐੈੱਸ. ਐੈੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ 28 ਜੁਲਾਈ ਨੂੰ ਮੁਹੰਮਦ ਸਰਾਜ ਪੁੱਤਰ ਬੂਟਾ ਕੰਬੋਜ ਵਾਸੀ ਖੰਨਾ ਰੋਡ ਨੁਰ ਬਸਤੀ ਜਮਾਲਪੁਰਾ ਮਾਲੇਰਕੋਟਲਾ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਆਪਣੇ ਪਿਤਾ ਨਾਲ ਪੰਜਾਬ ਐਂਡ ਸਿੰਧ ਬੈਂਕ ਮਾਲੇਰਕੋਟਲਾ 'ਚੋਂ 70,000 ਰੁ. ਕਢਵਾ ਕੇ ਮੋਟਰਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ ਅਤੇ ਗਰੇਵਾਲ ਚੌਕ ਦੀਆਂ ਲਾਈਟਾਂ ਕੋਲ ਇਕ ਸਕੂਟਰੀ 'ਤੇ 2 ਨੌਸਰਬਾਜ਼ ਵਿਅਕਤੀ ਉਨ੍ਹਾਂ ਤੋਂ ਪੈਸਿਆਂ ਵਾਲਾ ਲਿਫਾਫਾ ਖੋਹ ਕੇ ਨਾਭਾ ਵੱਲ ਨੂੰ ਫਰਾਰ ਹੋ ਗਏ। ਥਾਣਾ ਸਿਟੀ ਮਾਲੇਰਕੋਟਲਾ ਵਿਖੇ 2 ਨਾਮਲੂਮ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ। ਲੁੱਟ-ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਰਾਜ ਕੁਮਾਰ ਐੈੱਸ.ਪੀ. ਮਾਲੇਰਕੋਟਲਾ ਤੇ ਜੋਗੀ ਰਾਜ ਡੀ.ਐੈੱਸ.ਪੀ. ਸਬ ਡਵੀਜ਼ਨ ਮਾਲੇਰਕੋਟਲਾ ਦੀ ਨਿਗਰਾਨੀ ਹੇਠ ਥਾਣੇਦਾਰ ਰਾਜਿੰਦਰਪਾਲ ਸਿੰਘ ਮੁੱਖ ਅਫਸਰ ਸਿਟੀ-1 ਮਾਲੇਰਕੋਟਲਾ ਨੇ ਦੋਸ਼ੀਆਂ ਦੀ ਭਾਲ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਬਰਾਮਦ ਕੀਤੀ। ਪੁਲਸ ਨੇ ਪਬਲਿਕ ਨਾਲ ਬਣਾਏ ਵੈਟਸਅਪ ਗਰੁੱਪਾਂ 'ਚ ਅਣਪਛਾਤੇ ਵਿਅਕਤੀਆਂ ਦੀ ਫੁਟੇਜ ਨੂੰ ਸ਼ੇਅਰ ਕੀਤਾ। ਵੈਟਸਅਪ 'ਤੇ ਅਣਪਛਾਤੇ ਵਿਅਕਤੀਆਂ ਦੀ ਫੁਟੇਜ ਸ਼ੇਅਰ ਕਰਨ ਨਾਲ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਸਵ. ਜਗਤਾਰ ਸਿੰਘ ਅਤੇ ਵਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚੌਂਦਾ ਥਾਣਾ ਅਮਰਗੜ੍ਹ ਵਜੋਂ ਹੋਈ। ਪੁਲਸ ਕਪਤਾਨ ਨੇ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਕਤਲ ਦੇ ਦੋਸ਼ 'ਚ 6 ਖਿਲਾਫ ਮਾਮਲਾ ਦਰਜ
NEXT STORY