ਸਮਝੌਤਾ ਕਰਵਾਉਣ ਲਈ ਮੰਗੇ ਸਨ 10 ਹਜ਼ਾਰ
ਬਠਿੰਡਾ(ਬਲਵਿੰਦਰ, ਰਜਿੰਦਰ)-ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਇਕ ਮਾਮਲੇ 'ਚ ਸਮਝੌਤਾ ਕਰਵਾਉਣ ਲਈ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸਦਰ ਰਾਮਪੁਰਾ ਦੇ ਇਕ ਏ.ਐੱਸ.ਆਈ. ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਜਗਜੀਤ ਸਿੰਘ ਭਗਤਾਨਾ ਨੇ ਦੱਸਿਆ ਕਿ ਬਲਜਿੰਦਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਬਰਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਤੀ ਦੇ ਭਾਂਜੇ ਗੁਰਲਾਲ ਸਿੰਘ ਵਾਸੀ ਗਿੱਲ ਕਲਾਂ, ਬਠਿੰਡਾ ਦਾ ਉਸ ਦੀ ਪਤਨੀ ਪਰਮਜੀਤ ਕੌਰ ਦੇ ਨਾਲ ਵਿਵਾਦ ਸੀ, ਜਿਸ ਦਾ ਮਾਮਲਾ ਸਦਰ ਰਾਮਪੁਰਾ ਥਾਣੇ ਵਿਚ ਚੱਲ ਰਿਹਾ ਸੀ। ਬਲਜਿੰਦਰ ਕੌਰ ਨੇ ਇਸ ਸੰਬੰਧ 'ਚ ਧਮਕੀਆਂ ਦੇਣ ਦੇ ਇਲਜ਼ਾਮਾਂ 'ਚ ਮਨਪ੍ਰੀਤ ਕੌਰ ਦੇ ਖਿਲਾਫ ਪੁਲਸ ਹੈਲਪਲਾਈਨ ਨੰਬਰ 181 'ਤੇ ਸ਼ਿਕਾਇਤ ਦਰਜ ਕਰਵਾਈ ਸੀ। ਉਕਤ ਮਾਮਲੇ 'ਚ ਸਮਝੌਤਾ ਕਰਵਾਉਣ ਦੇ ਬਦਲੇ ਸਦਰ ਰਾਮਪੁਰਾ ਥਾਣੇ ਦੇ ਏ. ਐੱਸ. ਆਈ. ਜਗਦੇਵ ਸਿੰਘ ਨੇ ਉਨ੍ਹਾਂ ਤੋਂ 20 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ, ਜਿਸ ਦਾ ਸੌਦਾ 10 ਹਜ਼ਾਰ ਰੁਪਏ 'ਚ ਤੈਅ ਹੋ ਗਿਆ । 2 ਹਜ਼ਾਰ ਰੁਪਏ ਉਨ੍ਹਾਂ ਨੇ ਐਡਵਾਂਸ ਦੇ ਦਿੱਤੇ ਤੇ 8 ਹਜ਼ਾਰ ਰੁਪਏ ਬਾਅਦ 'ਚ ਦੇਣ ਦੀ ਗੱਲ ਹੋਈ। ਬੁੱਧਵਾਰ ਨੂੰ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਸਰਕਾਰੀ ਗਵਾਹਾਂ ਐੱਸ.ਡੀ.ਓ. ਰਵੀ ਕੁਮਾਰ ਤੇ ਐੱਸ.ਡੀ.ਓ. ਗੁਰਪ੍ਰੀਤ ਸਿੰਘ ਦੀ ਹਾਜ਼ਰੀ 'ਚ ਏ.ਐੱਸ.ਆਈ. ਜਗਦੇਵ ਸਿੰਘ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਏ.ਐੱਸ.ਆਈ. ਦੇ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
1 ਲੱਖ 44 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ
NEXT STORY