ਲੁਧਿਆਣਾ(ਪੰਕਜ, ਜ.ਬ.)-ਇਨਸਾਨਾਂ ਤੇ ਪਰਿੰਦਿਆਂ ਲਈ ਜਾਨਲੇਵਾ ਬਣ ਚੁੱਕੀ ਚਾਈਨਾ ਡੋਰ ਦੀ ਵਿਕਰੀ 'ਤੇ ਪੰਜਾਬ ਸਰਕਾਰ ਵਲੋਂ ਲਾਈ ਗਈ ਪਾਬੰਦੀ ਦੇ ਬਾਵਜੂਦ ਕੁੱਝ ਦੁਕਾਨਦਾਰ ਸੁਧਰਨ ਦਾ ਨਾਂ ਨਹੀਂ ਲੈ ਰਹੇ ਹਨ। ਅਜਿਹੇ ਹੀ ਇਕ ਕੇਸ ਵਿਚ ਕੋਤਵਾਲੀ ਦੀ ਪੁਲਸ ਨੇ ਦੇਰ ਰਾਤ ਟਰੰਕਾਂ ਵਾਲੇ ਬਾਜ਼ਾਰ ਵਿਚ ਸਥਿਤ ਇਕ ਦੁਕਾਨ 'ਚ ਛਾਪੇਮਾਰੀ ਕਰਦੇ ਹੋਏ ਵੱਡੀ ਮਾਤਰਾ ਵਿਚ ਚਾਈਨਾ ਡੋਰ ਦੇ ਗੱਟੂ ਬਰਾਮਦ ਕਰ ਕੇ ਦੋਸ਼ੀ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਡਰ ਟਰੇਨਿੰਗ ਪੀ. ਪੀ. ਐੱਸ. ਅਧਿਕਾਰੀ ਰਾਜਨ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਬੁੱਧਵਾਰ ਦੇਰ ਰਾਤ ਟਰੰਕਾਂ ਵਾਲੇ ਬਾਜ਼ਾਰ ਸਥਿਤ ਦੁਕਾਨ 'ਤੇ ਛਾਪੇਮਾਰੀ ਕਰਦੇ ਹੋਏ ਦੋਸ਼ੀ ਦੁਕਾਨਦਾਰ ਸੁਰੇਸ਼ ਕੁਮਾਰ ਉਰਫ ਵਿੱਕੀ ਪੁੱਤਰ ਰਜਿੰਦਰ ਕੁਮਾਰ ਨਿਵਾਸੀ ਬਾਵਾ ਕਾਲੋਨੀ ਹੈਬੋਵਾਲ ਕਲਾਂ ਨੂੰ ਗ੍ਰਿਫਤਾਰ ਕਰ ਕੇ ਦੁਕਾਨ 'ਚ ਸਟੋਰ ਕੀਤੇ ਗਏ 12 ਪਾਰਸਲ ਚਾਈਨਾ ਡੋਰ ਬਰਾਮਦ ਕੀਤੇ ਹਨ। ਅਧਿਕਾਰੀ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮਾਰੀ ਗਈ ਰੇਡ ਦੌਰਾਨ ਹੁਣ ਤੱਕ ਪੁਲਸ ਨੂੰ 200 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ ਹਨ। ਦੋਸ਼ੀ ਦੁਕਾਨਦਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਦੁਕਾਨ ਦੇ ਨਾਲ ਗੋਦਾਮ ਬਣਾ ਰੱਖਿਆ ਸੀ, ਜਿਥੇ ਇਹ ਡੋਰ ਦੇ ਗੱਟੂ ਸਟਾਕ ਕਰ ਰੱਖੇ ਸੀ। ਪੁਲਸ ਦੀ ਛਾਪੇਮਾਰੀ ਦੀ ਖ਼ਬਰ ਨੇ ਚਾਈਨਾ ਡੋਰ ਦਾ ਚੋਰੀ ਵਪਾਰ ਕਰਨ ਵਾਲੇ ਦੁਕਾਨਦਾਰਾਂ ਵਿਚ ਹਫੜਾ-ਦਫੜੀ ਪੈਦਾ ਕਰ ਦਿੱਤੀ ਹੈ।
ਵਾਰਡਬੰਦੀ 'ਚ ਵੱਡਾ ਫੇਰਬਦਲ ਆਖਰ ਜਨਰਲ ਤੋਂ ਐੱਸ. ਸੀ. ਕੈਟਾਗਰੀ ਲਈ ਰਾਖਵਾਂ ਹੋਇਆ ਵਾਰਡ ਨੰ. 84
NEXT STORY