ਅੰਮ੍ਰਿਤਸਰ(ਅਰੁਣ)- ਥਾਣਾ ਛੇਹਰਟਾ ਦੀ ਪੁਲਸ ਨੇ 3 ਅਫੀਮ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਦੀ ਟੀਮ ਨੇ ਇਨ੍ਹਾਂ ਸਮੱਗਲਰਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਕਿਸੇ ਗਾਹਕ ਨੂੰ ਅਫੀਮ ਦੇਣ ਜਾ ਰਹੇ ਸਨ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਵਿੰਦਰ ਸਿੰਘ ਗੁਰੀ ਪੁੱਤਰ ਸੁਖਦੇਵ ਸਿੰਘ ਵਾਸੀ ਵਰਪਾਲ, ਮਨਦੀਪ ਸਿੰਘ ਪਿੰ੍ਰਸ ਪੁੱਤਰ ਹਰਪਾਲ ਸਿੰਘ ਤੇ ਗੁਰਮੀਤ ਸਿੰਘ ਜਸ਼ਨ ਪੁੱਤਰ ਰਵਿੰਦਰ ਸਿੰਘ (ਦੋਵੇਂ) ਵਾਸੀ ਕਰਤਾਰ ਨਗਰ ਛੇਹਰਟਾ ਦੇ ਕਬਜ਼ੇ 'ਚੋਂ 120 ਗ੍ਰਾਮ ਅਫੀਮ ਤੇ ਇਕ ਡਿਸਕਵਰ ਮੋਟਰਸਾਈਕਲ ਬਰਾਮਦ ਕਰਦਿਆਂ ਪੁਲਸ ਨੇ ਮਾਮਲਾ ਕਰਨ ਮਗਰੋਂ ਮੁੱਢਲੀ ਪੜਤਾਲ ਪਿੱਛੋਂ ਮੁਲਜ਼ਮ ਗੁਰਵਿੰਦਰ ਸਿੰਘ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ 500 ਗ੍ਰਾਮ ਅਫੀਮ ਹੋਰ ਬਰਾਮਦ ਕੀਤੀ।
ਮਖੂ ਵਾਸੀ ਰਿਸ਼ਤੇਦਾਰ ਕੋਲੋਂ ਖਰੀਦਦਾ ਸੀ ਗੁਰੀ ਅਫੀਮ : ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਬੋਲਦਿਆਂ ਏ. ਡੀ. ਸੀ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਗੁਰਵਿੰਦਰ ਗੁਰੀ ਮਖੂ ਵਿਖੇ ਆਪਣੇ ਅੰਕਲ ਕੋਲੋਂ ਕਰੀਬ 5200 ਰੁਪਏ ਸਟਾਂਕ ਅਫੀਮ ਖਰੀਦਣ ਮਗਰੋਂ 6000 ਦੇ ਹਿਸਾਬ ਨਾਲ ਆਪਣੇ ਗਾਹਕਾਂ ਨੂੰ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਤੋਂ ਬਰਾਮਦ ਕੀਤੀ ਗਈ ਅਫੀਮ ਦੀ ਇਸ ਖੇਪ ਦੀ ਕੀਮਤ 1 ਲੱਖ ਦੇ ਕਰੀਬ ਆਂਕੀ ਜਾ ਰਹੀ ਹੈ। ਪੁਲਸ ਰਿਮਾਂਡ ਦੌਰਾਨ ਹੋਣਗੇ ਕਈ ਹੋਰ ਅਹਿਮ ਖੁਲਾਸੇ : ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਮਖੂ ਵਾਸੀ ਗੁਰਵਿੰਦਰ ਗੁਰੀ ਦੇ ਰਿਸ਼ਤੇਦਾਰ ਨੂੰ ਵੀ ਹਿਰਾਸਤ ਵਿਚ ਲੈਣ ਮਗਰੋਂ ਪੁਲਸ ਵੱਲੋਂ ਤਫਤੀਸ਼ ਕੀਤੀ ਜਾਵੇਗੀ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਪਾਰਟੀ ਰਵਾਨਾ ਕੀਤੀ ਜਾ ਰਹੀ ਹੈ।
ਕੇ. ਜੀ. ਐੱਸ. ਪੈਲੇਸ ਨੇੜੇ ਨਾਜਾਇਜ਼ ਮਾਰਕੀਟ ਬਣਾਉਣ ਦਾ ਕੰਮ ਫਿਰ ਸ਼ੁਰੂ
NEXT STORY