ਜਲੰਧਰ, (ਖੁਰਾਣਾ)— ਸ਼ਹਿਰ ਵਿਚ ਨਾਜਾਇਜ਼ ਬਿਲਡਿੰਗਾਂ ਬਣਾਉਣ ਦਾ ਕੰਮ ਇਕ ਵਾਰ ਫਿਰ ਜ਼ੋਰ ਫੜਨ ਲੱਗਾ ਹੈ। ਬਸਤੀ ਨੌ ਇਲਾਕੇ ਵਿਚ ਸਥਿਤ ਕੇ. ਜੀ. ਐੱਸ. ਪੈਲੇਸ ਤੋਂ ਨਿਜ਼ਾਤਮ ਨਗਰ ਕਾਲੋਨੀ ਵੱਲ ਜਾਂਦੀ ਸੜਕ ਕਿਨਾਰੇ ਨਾਜਾਇਜ਼ ਤੌਰ 'ਤੇ ਮਾਰਕੀਟ ਬਣਾਉਣ ਦਾ ਕੰਮ ਅੱਜ ਫਿਰ ਸ਼ੁਰੂ ਹੋ ਗਿਆ। ਕਾਲੋਨੀ ਵਾਸੀਆਂ ਨੇ ਇਸਦੀ ਸ਼ਿਕਾਇਤ ਐੱਮ. ਟੀ. ਪੀ. ਮੇਹਰਬਾਨ ਸਿੰਘ, ਬਲਵਿੰਦਰ ਸਿੰਘ ਆਦਿ ਨੂੰ ਕੀਤੀ, ਜਿਨ੍ਹਾਂ ਬਿਲਡਿੰਗ ਇੰਸਪੈਕਟਰ ਆਰ. ਐੱਸ. ਟਿਵਾਣਾ ਨੂੰ ਮੌਕੇ 'ਤੇ ਕੰਮ ਰੁਕਵਾਉਣ ਲਈ ਭੇਜਿਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼੍ਰੀ ਟਿਵਾਣਾ ਵੀ ਇਸ ਨਾਜਾਇਜ਼ ਉਸਾਰੀ ਨੂੰ ਰੁਕਵਾ ਨਹੀਂ ਸਕੇ। ਸ਼੍ਰੀ ਟਿਵਾਣਾ ਮੌਕੇ 'ਤੇ ਦੁਪਹਿਰ ਨੂੰ ਗਏ ਪਰ ਸ਼ਾਮ ਤੱਕ ਨਾਜਾਇਜ਼ ਉਸਾਰੀ ਲਗਾਤਾਰ ਜਾਰੀ ਸੀ, ਜਿਸ ਕਾਰਨ ਬਿਲਡਿੰਗ ਵਿਭਾਗ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।
ਜ਼ਿਕਰਯੋਗ ਹੈ ਕਿ ਕੇ. ਜੀ. ਐੱਸ. ਪੈਲੇਸ ਦੇ ਨਾਲ ਲੱਗਦੀ ਸੜਕ 'ਤੇ ਪੈਂਦੇ ਪਲਾਟ ਵਿਚ ਕਰੀਬ 10 ਦੁਕਾਨਾਂ ਬਣਾਉਣ ਦਾ ਕੰਮ ਪਿਛਲੇ ਸਾਲ ਜਨਵਰੀ 2017 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਨਿਜ਼ਾਤਮ ਨਗਰ ਵੈੱਲਫੇਅਰ ਸੋਸਾਇਟੀ ਨੇ ਨਿਗਮ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ।
ਤਦ ਉਸ ਵੇਲੇ ਵੀ ਨਿਗਮ ਦੇ ਬਿਲਡਿੰਗ ਇੰਸਪੈਕਟਰ ਆਰ. ਐੱਸ. ਟਿਵਾਣਾ ਨੇ ਮੌਕੇ 'ਤੇ ਜਾ ਕੇ ਕੰਮ ਰੁਕਵਾ ਦਿੱਤਾ ਸੀ ਜੋ ਕਈ ਮਹੀਨੇ ਬੰਦ ਰਿਹਾ ਪਰ ਹੁਣ ਇਹ ਕੰਮ ਦੁਬਾਰਾ ਚਾਲੂ ਹੋ ਗਿਆ ਹੈ, ਜਿਸ ਨਾਲ ਨਿਜ਼ਾਤਮ ਨਗਰ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਵਿਚ ਰੋਸ ਫੈਲ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਲਾਟ ਵਿਚ ਇਕੱਠੀਆਂ 10 ਦੁਕਾਨਾਂ ਬਣਨ ਨਾਲ ਮੁਹੱਲੇ ਵਿਚ ਟ੍ਰੈਫਿਕ ਤੇ ਹੋਰ ਸਮੱਸਿਆਵਾਂ ਆਉਣਗੀਆਂ।
ਕਿਹਾ ਜਾ ਰਿਹਾ ਹੈ ਕਿ ਇਸ ਨਾਜਾਇਜ਼ ਉਸਾਰੀ ਦੇ ਪਿੱਛੇ ਸਿਆਸੀ ਸਰਪ੍ਰਸਤੀ ਹੋਣ ਕਾਰਨ ਨਿਗਮ ਕੋਲੋਂ ਇਹ ਨਹੀਂ ਰੋਕ ਹੋ ਰਹੀ ਪਰ ਵੈੱਲਫੇਅਰ ਸੋਸਾਇਟੀ ਇਸ ਮਾਮਲੇ ਵਿਚ ਉਪਰ ਤੱਕ ਸ਼ਿਕਾਇਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਨਿਗਮ ਅਧਿਕਾਰੀਆਂ 'ਤੇ ਗਾਜ ਡਿੱਗ ਸਕਦੀ ਹੈ।
ਨੀਲੇ ਕਾਰਡਾਂ ਦੀ ਰੀ-ਵੈਰੀਫਿਕੇਸ਼ਨ 'ਚ ਧਾਂਦਲੀ
NEXT STORY