ਪਟਿਆਲਾ(ਬਲਜਿੰਦਰ)-ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਥਾਣਾ ਪਸਿਆਣਾ ਅਧੀਨ ਪੈਂਦੀ ਡਕਾਲਾ ਚੌਕੀ ਦੇ ਹੌਲਦਾਰ ਬਲਜਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਵਿਜੀਲੈਂਸ ਨੇ ਹੌਲਦਾਰ ਬਲਜਿੰਦਰ ਸਿੰਘ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਐਕਸਪਰਟ ਡਾ. ਚਰਨ ਕਮਲ ਖਿਲਾਫ 7, 13 (2) 88 ਪੀ. ਸੀ. ਐਕਟ ਅਤੇ 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਨੂੰ ਮਦਨ ਸਿੰਘ ਪੁੱਤਰ ਰਾਮ ਪ੍ਰਤਾਪ ਵਾਸੀ ਪਿੰਡ ਕੱਲਰ ਭੈਣੀ ਜ਼ਿਲਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿਛਲੇ ਦਿਨੀਂ ਉਸ ਦੇ ਪਰਿਵਾਰ ਦਾ ਪਿੰਡ ਦੇ ਵਿਅਕਤੀ ਗੁਰਜੰਟ ਸਿੰਘ ਪੁੱਤਰ ਕੇਵਲ ਸਿੰਘ ਦੇ ਪਰਿਵਾਰ ਨਾਲ ਲੜਾਈ-ਝਗੜਾ ਹੋ ਗਿਆ ਸੀ। ਦੋਵੇਂ ਧਿਰਾਂ 'ਤੇ ਕਰਾਸ ਕੇਸ ਦਰਜ ਹੋਇਆ। ਇਸ ਕੇਸ ਵਿਚ ਹੌਲਦਾਰ ਬਲਜਿੰਦਰ ਸਿੰਘ ਨੇ ਮਦਨ ਸਿੰਘ ਖਿਲਾਫ 326 ਆਈ. ਪੀ. ਸੀ. ਦਾ ਵਾਧਾ ਕਰਨ ਸਬੰਧੀ 50 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਸੌਦਾ 30 ਹਜ਼ਾਰ ਵਿਚ ਤੈਅ ਹੋ ਗਿਆ। ਵਿਜੀਲੈਂਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਟਰੈਪ ਲਾ ਕੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਹੌਲਦਾਰ ਬਲਜਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਮੁਤਾਬਕ ਹੌਲਦਾਰ ਬਲਜਿੰਦਰ ਸਿੰਘ ਨੇ ਡਾ. ਚਰਨ ਕਮਲ ਨਾਲ ਪਹਿਲਾਂ 15 ਹਜ਼ਾਰ ਰੁਪਏ ਦੇਣ ਦੀ ਗੱਲ ਪੱਕੀ ਕੀਤੀ ਹੋਈ ਸੀ ਅਤੇ ਇਹ ਪੈਸੇ ਉਸੇ ਰਿਸ਼ਵਤ ਵਿਚੋਂ ਦੇਣੇ ਸਨ। ਇਸ ਮਾਮਲੇ ਵਿਚ ਡਾ. ਚਰਨ ਕਮਲ ਦੀ ਗ੍ਰਿਫਤਾਰੀ ਬਾਕੀ ਹੈ। ਹੌਲਦਾਰ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਏ. ਐੱਸ. ਆਈ. ਪਵਿੱਤਰ ਸਿੰਘ, ਹਰਮੀਤ ਸਿੰਘ, ਕਾਰਜ ਸਿੰਘ, ਅਮਰਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।
ਜੇ. ਈ. ਈ. ਮੇਨਸ ਦਾ ਨਤੀਜਾ ਪ੍ਰਿਯਾਂਸ਼ੂ ਮਦਾਨ ਨੇ 162ਵਾਂ ਕੀਤਾ ਹਾਸਲ
NEXT STORY