ਮੋਗਾ (ਸੰਦੀਪ) - ਬੁੱਧਵਾਰ ਨੂੰ ਸਵੇਰ ਸਮੇਂ ਪਿੰਡ ਚੰਦ ਨਵਾਂ 'ਚ ਸਥਾਨਕ ਨਾਰਕੋਟਿਕ ਬ੍ਰਾਂਚ ਵਿਚ ਤਾਇਨਾਤ ਪੰਜਾਬ ਪੁਲਸ ਦੇ ਸਹਾਇਕ ਥਾਣੇਦਾਰ ਏ. ਐੱਸ. ਆਈ. ਪਹਾੜਾ ਸਿੰਘ ਨੂੰ ਗੁਪਤ ਸੂਚਨਾ 'ਤੇ ਆਪਣੇ ਸਾਥੀਆਂ ਸਮੇਤ ਨਸ਼ਾ ਸਮੱਗਲਰ ਨੂੰ ਕਾਬੂ ਕਰਨ ਲਈ ਜਾਣਾ ਉਸ ਸਮੇਂ ਮਹਿੰਗਾ ਪਿਆ, ਜਦੋਂ ਪਿੰਡ ਵਾਸੀਆਂ ਨੇ ਥਾਣੇਦਾਰ ਦੇ ਸਾਥੀਆਂ ਵੱਲੋਂ ਚੂਰਾ-ਪੋਸਤ ਵੇਚਣ ਵਾਲੇ ਦੇ ਸਾਥੀ ਇਕ ਛੋਟੇ ਲੜਕੇ ਨਾਲ ਕੁੱਟਮਾਰ ਕਰਨ ਦੇ ਰੋਸ ਵਜੋਂ ਉਨ੍ਹਾਂ ਨੂੰ ਘੇਰ ਲਿਆ। ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਸਹਾਇਕ ਥਾਣੇਦਾਰ ਨਾਲ ਆਏ ਵਿਅਕਤੀ ਉਸ ਦੀ ਹੀ ਕਾਰ 'ਚ ਸਮੱਗਲਰ ਦੇ ਸਾਥੀ ਨੂੰ ਨਾਲ ਲੈ ਕੇ ਫਰਾਰ ਹੋ ਗਏ। ਉਪਰੰਤ ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਸਰਪੰਚ ਬਲਵੀਰ ਸਿੰਘ ਦੇ ਘਰ 'ਚ ਬੰਦੀ ਬਣਾ ਲਿਆ।
ਲੋਕਾਂ ਨੇ ਸ਼ਰਤ ਰੱਖੀ ਕਿ ਸਹਾਇਕ ਥਾਣੇਦਾਰ ਕਾਰ 'ਚ ਭੱਜੇ ਵਿਅਕਤੀਆਂ ਤੇ ਨਾਲ ਲੈ ਕੇ ਗਏ ਲੜਕੇ ਨੂੰ ਵਾਪਸ ਮੌਕੇ 'ਤੇ ਬੁਲਾਵੇ ਤਾਂ ਹੀ ਉਸ ਨੂੰ ਜਾਣ ਦਿੱਤਾ ਜਾਵੇਗਾ।
ਨਸ਼ਾ ਸਮੱਗਲਰ ਨੂੰ ਰਿਸ਼ਵਤ ਲੈ ਕੇ ਛੱਡਣ ਦਾ ਦੋਸ਼
ਪਿੰਡ ਚੰਦ ਨਵਾਂ ਦੇ ਸਰਪੰਚ ਬਲਵੀਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਵਰਕਰ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਕਾਂਗਰਸ ਦੇ ਯੂਥ ਆਗੂ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਮੌਜੂਦ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਕਤ ਸਹਾਇਕ ਥਾਣੇਦਾਰ ਨੇ ਇਕ ਹਫਤਾ ਪਹਿਲਾਂ ਵੀ ਉਨ੍ਹਾਂ ਦੇ ਪਿੰਡ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਅਤੇ ਇਕ ਲੜਕੇ ਨੂੰ ਚੂਰਾ-ਪੋਸਤ ਨਾਲ ਕਾਬੂ ਕੀਤਾ ਸੀ ਪਰ ਬਾਅਦ 'ਚ ਰਿਸ਼ਵਤ ਲੈ ਕੇ ਬਿਨਾਂ ਮਾਮਲਾ ਦਰਜ ਕੀਤੇ ਉਸ ਨੂੰ ਛੱਡ ਦਿੱਤਾ ਸੀ। ਇਸ ਕਾਰਨ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਸਹਾਇਕ ਥਾਣੇਦਾਰ ਨਾਲ ਆਏ ਲੋਕਾਂ 'ਤੇ ਛੋਟੇ ਲੜਕੇ ਦੀ ਸਿਰਫ ਸ਼ੱਕ ਦੇ ਆਧਾਰ 'ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਹਿਣਾ ਸੀ ਕਿ ਕੁੱਟਮਾਰ ਕਰਨ ਵਾਲਿਆਂ ਦਾ ਪੁਲਸ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ।
ਨਹੀਂ ਲਈ ਰਿਸ਼ਵਤ, ਬਰਾਮਦਗੀ ਨਾ ਹੋਣ ਕਰ ਕੇ ਨਹੀਂ ਕੀਤਾ ਸੀ ਮਾਮਲਾ ਦਰਜ : ਏ. ਐੱਸ. ਆਈ.
ਇਸ ਮਾਮਲੇ 'ਚ ਜਦੋਂ ਪਿੰਡ ਦੇ ਸਰਪੰਚ ਦੇ ਘਰ ਵਿਚ ਬੰਦੀ ਬਣਾਏ ਗਏ ਏ. ਐੱਸ. ਆਈ. ਪਹਾੜਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਪਿੰਡ ਵਾਸੀਆਂ ਵੱਲੋਂ ਉਸ 'ਤੇ ਲਾਏ ਰਿਸ਼ਵਤ ਲੈਣ ਦੇ ਦੋਸ਼ਾਂ ਨੂੰ ਗਲਤ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਛਾਪਾਮਾਰੀ 'ਚ ਕੋਈ ਵੀ ਬਰਾਮਦਗੀ ਨਹੀਂ ਹੋਈ ਸੀ, ਜਿਸ ਕਾਰਨ ਉਸ ਨੇ ਜਾਂਚ ਤੋਂ ਬਾਅਦ ਕਾਬੂ ਕੀਤੇ ਵਿਅਕਤੀਆਂ ਨੂੰ ਛੱਡ ਦਿੱਤਾ ਸੀ। ਉਸ ਨੇ ਦੱਸਿਆ ਕਿ ਇਹ ਛਾਪੇਮਾਰੀ ਵੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ।
ਸ੍ਰੀ ਹੇਮਕੁੰਟ ਸਕੂਲ ਦੀਆਂ ਬੱਸਾਂ ਦੀ ਚੈਕਿੰਗ
NEXT STORY