ਕੋਟਕਪੂਰਾ (ਨਰਿੰਦਰ) : ਸਥਾਨਕ ਸ਼ਹਿਰ ਦੇ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਦੇ ਬਾਹਰ ਲੱਗੇ ਏ. ਟੀ. ਐਮ. 'ਚੋਂ ਪੈਸੇ ਕਢਵਾਉਣ ਲਈ ਗਏ ਇਕ ਖਪਤਕਾਰ ਦੇ ਠੱਗੀ ਦੇ ਸ਼ਿਕਾਰ ਹੋਣ ਦਾ ਪਤਾ ਲੱਗਾ ਹੈ। ਮੰਗਲ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਸਾਹਿਬਜ਼ਾਦਾ ਫਤਹਿ ਸਿੰਘ ਨਗਰ ਮੁਕਤਸਰ ਰੋਡ ਕੋਟਕਪੂਰਾ ਨੇ ਜ਼ਿਲਾ ਪੁਲਸ ਮੁਖੀ ਫਰੀਦਕੋਟ ਰਾਜਬਚਨ ਸਿੰਘ ਸੰਧੂ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਜਦੋਂ ਉਹ ਐੱਸ.ਬੀ.ਆਈ. ਦੇ ਖਾਤਾ ਨੰਬਰ-5511433773 'ਚੋਂ ਏ. ਟੀ. ਐੱਮ. ਰਾਹੀਂ ਪੈਸੇ ਕਢਵਾਉਣ ਲਈ ਗਿਆ ਤਾਂ ਉੱਥੇ ਮਿਲੇ ਇਕ ਠੱਗ ਨੇ ਉਸ ਨੂੰ 5 ਹਜ਼ਾਰ ਰੁਪਏ ਤਾਂ ਕੱਢ ਕੇ ਦੇ ਦਿੱਤੇ ਪ੍ਰੰਤੂ ਇਸ ਦੌਰਾਨ ਉਸ ਨੇ ਬੜੀ ਚਲਾਕੀ ਨਾਲ ਉਸਦਾ ਏ. ਟੀ. ਐਮ ਕਾਰਡ ਬਦਲ ਲਿਆ।
ਉਸਨੇ ਦੱਸਿਆ ਕਿ ਉਸ ਨੇ ਮੇਰੇ ਏ. ਟੀ. ਐੱਮ. ਰਾਹੀਂ 10, 768 ਰੁਪਏ ਦੇ ਸਮਾਨ ਦੀ ਖਰੀਦੋ-ਫਰੋਖਤ ਕੀਤੀ ਅਤੇ ਕ੍ਰਮਵਾਰ 5 ਹਜ਼ਾਰ, 20 ਹਜ਼ਾਰ, 10 ਹਜ਼ਾਰ ਅਤੇ 5 ਹਜ਼ਾਰ ਰੁਪਏ ਨਗਦ ਕਢਵਾਉਣ ਤੋਂ ਇਲਾਵਾ 40 ਹਜ਼ਾਰ ਰੁਪਏ ਕਿਸੇ ਹੋਰ ਖਾਤੇ 'ਚ ਟਰਾਂਸਫਰ ਕਰਵਾਏ। ਇਸ ਤਰ੍ਹਾਂ ਉਸ ਨੇ ਖਾਤੇ ਵਿਚੋਂ 1 ਲੱਖ ਰੁਪਏ ਦੇ ਕਰੀਬ ਰਕਮ ਕਢਵਾ ਲਈ। ਪੀੜਤ ਮੰਗਲ ਸਿੰਘ ਅਨੁਸਾਰ ਉਸ ਵਲੋਂ ਬੈਂਕ ਦੀ ਡਿਟੇਲ ਸਮੇਤ ਬੈਂਕ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੈਂਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਮੋਬਾਇਲ ਟਾਵਰ ਦੀ ਲੋਕੇਸ਼ਨ ਅਤੇ ਟਰਾਂਸਫਰ ਕਰਵਾਏ ਰੁਪਏ ਵਾਲੇ ਖਾਤੇ ਦੀ ਪੜਤਾਲ ਕਰਕੇ ਠੱਗਾਂ ਨੂੰ ਕਾਬੂ ਕਰ ਸਕਦੀ ਹੈ।
ਪੀੜਤ ਮੰਗਲ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ ਹੈ ਤੇ ਪਰਿਵਾਰ ਇਸ ਵੇਲੇ ਬਹੁਤ ਹੀ ਪ੍ਰੇਸ਼ਾਨੀ ਦੀ ਹਾਲਤ 'ਚੋਂ ਗੁਜ਼ਰ ਰਿਹਾ ਹੈ। ਇਸ ਸਬੰਧ ਵਿਚ ਰਾਜਬਚਨ ਸਿੰਘ ਸੰਧੂ ਐਸ. ਐਸ. ਪੀ ਫਰੀਦਕੋਟ ਨੇ ਦੱਸਿਆ ਕਿ ਇਨਫਰਮੇਸ਼ਨ ਟੈਕਨਾਲੋਜੀ ਬਰਾਂਚ ਰਾਂਹੀ ਉਕਤ ਠੱਗਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਨੂੰ ਇਨਸਾਫ ਦਵਾਉਣ ਦੀ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ।
ਲੁਧਿਆਣਾ : ਗੈਂਗਸਟਰ ਨੇ ਜੇਲ 'ਚ ਨਿਗਲਿਆ ਨਸ਼ੀਲਾ ਪਦਾਰਥ, ਵਿਗੜੀ ਹਾਲਤ
NEXT STORY