ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ ਦੇ ਆਯੂਸ਼ ਡਾਕਟਰਾਂ ਨੇ ਕੋਵਿਡ ਡਿਊਟੀ ਨੂੰ ਲੈ ਕੇ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ। ਆਯੂਸ਼ ਡਾਕਟਰਾਂ ਦੀ ਮੰਨੀਏ ਤਾਂ ਰੈਪਿਡ ਰਿਸਪਾਂਸ ਟੀਮ 'ਚ 80 ਫ਼ੀਸਦੀ ਆਯੂਸ਼ ਡਾਕਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਜਦਕਿ ਐਲੋਪੈਥਿਕ ਡਿਸਪੈਂਸਰੀ ਦੇ ਸਿਰਫ਼ 20 ਫ਼ੀਸਦੀ ਡਾਕਟਰਾਂ ਨੂੰ ਕੋਵਿਡ ਡਿਊਟੀ ਦਿੱਤੀ ਗਈ ਹੈ। ਆਯੂਸ਼ ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ ਸੈਂਟਰਾਂ 'ਚ ਵੀ ਆਯੂਸ਼ ਡਾਕਟਰਾਂ ਨੂੰ ਕੋਰੋਨਾ ਮਰੀਜ਼ਾਂ ਦੇ ਨਜ਼ਦੀਕ ਭੇਜਿਆ ਜਾ ਰਿਹਾ ਹੈ ਜਦਕਿ ਐਲੋਪੈਥਿਕ ਡਾਕਟਰ ਦੂਰ ਬੈਠੇ ਨਿਰਦੇਸ਼ ਜਾਰੀ ਕਰਦੇ ਰਹਿੰਦੇ ਹਨ। ਆਯੂਰਵੈਦਿਕ ਡਾਕਟਰ ਨੇ ਨਾਮ ਨਾ ਲਿਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਰੈਪਿਡ ਰਿਸਪਾਂਸ ਟੀਮ 'ਚ ਆਯੂਸ਼ ਡਾਕਟਰਾਂ ਨੂੰ ਕੋਰੋਨਾ ਸ਼ੱਕੀ ਮਰੀਜ਼ਾਂ ਦੀ ਸਕ੍ਰੀਨਿੰਗ ਲਈ ਜਦੋਂ ਭੇਜਿਆ ਜਾਂਦਾ ਹੈ ਤਾਂ ਬੁਖਾਰ ਦੇ ਮਰੀਜ਼ਾਂ ਦੀ ਥਰਮਲ ਸਕੈਨਿੰਗ ਤਾਂ ਆਯੂਸ਼ ਡਾਕਟਰਸ ਨੂੰ ਕਰਨ ਲਈ ਕਿਹਾ ਜਾਂਦਾ ਹੈ ਪਰ ਨਾਲ ਹੀ ਸਖ਼ਤ ਹਿਦਾਇਤ ਦਿੱਤੀ ਜਾਂਦੀ ਹੈ ਕਿ ਮਰੀਜ਼ਾਂ ਨੂੰ ਆਯੂਰਵੈਦਿਕ ਦਵਾਈ ਨਹੀਂ ਸਗੋਂ ਐਲੋਪੈਥਿਕ ਦਵਾਈ ਦੀ ਹੀ ਹਿਦਾਇਤ ਕਰਨੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਆਯੂਸ਼ ਡਾਕਟਰ ਆਯੂਰਵੈਦਿਕ ਦਵਾਈ ਦੀ ਹਦਾਇਤ ਨਹੀਂ ਕਰ ਸਕਦੇ ਤਾਂ ਨਾਲ ਐਲੋਪੈਥਿਕ ਡਾਕਟਰ ਦੀ ਡਿਊਟੀ ਤਾਂ ਲਗਾ ਦੇਵੋ, ਉਨ੍ਹਾਂ ਨੂੰ ਟੀਮ ਤੋਂ ਕਿਉਂ ਦੂਰ ਰੱਖਿਆ ਜਾਂਦਾ ਹੈ?
ਕੋਵਿਡ ਡਿਊਟੀ ਤੋਂ ਡਰ ਲੱਗਣ ਲੱਗਾ
ਸੈਕਟਰ-22 ਸਿਵਲ ਹਸਪਤਾਲ, ਸੈਕਟਰ-45 ਸਿਵਲ ਹਸਪਤਾਲ, ਸੈਕਟਰ-16 ਜਨਰਲ ਹਸਪਤਾਲ ਅਤੇ ਮਨੀਮਾਜਰਾ ਸਿਵਲ ਹਸਪਤਾਲ 'ਚ ਵੀ ਆਯੂਸ਼ ਡਾਕਟਰਾਂ ਦੀ ਡਿਊਟੀ ਲਗਾਈ ਹੋਈ ਹੈ ਅਤੇ ਉਥੇ ਦੇ ਹਾਲਾਤ ਅਜਿਹੇ ਹਨ ਕਿ ਫਲੂ ਕਲੀਨਿਕ 'ਚ ਆਉਣ ਵਾਲੇ ਬੁਖਾਰ ਦੇ ਮਰੀਜ਼ਾਂ ਨੂੰ ਵੀ ਇਲਾਜ ਲਈ ਆਯੂਰਵੈਦਿਕ ਡਾਕਟਰਾਂ ਦੇ ਅੱਗੇ ਕਰ ਦਿੱਤਾ ਜਾਂਦਾ ਹੈ। ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਵਿਡ ਡਿਊਟੀ ਕਰਨ ਤੋਂ ਪ੍ਰਹੇਜ ਨਹੀਂ ਹੈ ਪਰ ਆਯੂਸ਼ ਦੇ ਡਾਕਟਰਾਂ ਨੂੰ ਕੋਵਿਡ ਨਾਲ ਸਬੰਧਤ ਟ੍ਰੇਨਿੰਗ ਤਾਂ ਦਿੱਤੀ ਜਾਵੇ ਤਾਂ ਕਿ ਡਾਕਟਰ ਕੋਵਿਡ ਡਿਊਟੀ ਕਰਦੇ ਹੋਏ ਨਾ ਘਬਰਾਉਣ। ਮੌਜੂਦਾ ਸਮੇਂ ਹਾਲਾਤ ਇਹ ਹਨ ਕਿ ਆਯੂਸ਼ ਡਾਕਟਰਾਂ ਨੂੰ ਕੋਵਿਡ ਡਿਊਟੀ ਤੋਂ ਡਰ ਲੱਗਣ ਲੱਗਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ
7 ਦਿਨ ਦੀ ਡਿਊਟੀ ਤੋਂ ਬਾਅਦ ਨਹੀਂ ਕੀਤਾ ਜਾਂਦਾ ਕੁਆਰੰਟਾਈਨ
ਪੰਚਾਇਤ ਭਵਨ ਹੋਵੇ ਜਾਂ ਸੂਦ ਭਵਨ, ਸਭ ਜਗ੍ਹਾ ਆਯੂਸ਼ ਡਾਕਟਰਾਂ ਦੀ ਡਿਊਟੀ ਲੱਗੀ ਹੋਈ ਹੈ। ਦੂਜੀ ਡਿਸਪੈਂਸਰੀ ਦੇ ਐਲੋਪੈਥਿਕ ਡਾਕਟਰਾਂ ਦੀ ਡਿਊਟੀ ਵੀ ਤਾਂ ਲੱਗਣੀ ਚਾਹੀਦੀ ਹੈ। ਸੂਦ ਭਵਨ 'ਚ ਆਯੂਸ਼ ਦੇ ਡਾਕਟਰਾਂ ਨੂੰ ਮਰੀਜ਼ ਦੇਖਣ ਲਈ ਭੇਜ ਦਿੱਤਾ ਜਾਂਦਾ ਹੈ ਅਤੇ ਖੁਦ ਐਲੋਪੈਥਿਕ ਦੇ ਡਾਕਟਰ ਦੂਜੇ ਬਲਾਕ 'ਚ ਬੈਠੇ ਰਹਿੰਦੇ ਹਨ। ਕੋਵਿਡ ਡਿਊਟੀ 'ਚ ਨੈਸ਼ਨਲ ਹੈਲਥ ਮਿਸ਼ਨ ਅਨੁਸਾਰ ਕੰਮ ਕਰਨ ਵਾਲੇ ਕਾਂਟ੍ਰੈਕਟ ਡਾਕਟਰਾਂ ਦੀ ਵੀ ਡਿਊਟੀ ਲਗਾਈ ਗਈ ਹੈ ਅਤੇ ਰੈਗੂਲਰ ਡਾਕਟਰ ਜੇਕਰ ਕਿਤੇ ਕੋਵਿਡ ਡਿਊਟੀ ਕਰਦੇ ਵੀ ਹਨ ਤਾਂ ਉਨ੍ਹਾਂ ਨੂੰ ਸੱਤ ਦਿਨ ਦੀ ਡਿਊਟੀ ਤੋਂ ਬਾਅਦ ਅਗਲੇ ਸੱਤ ਦਿਨ ਲਈ ਕੁਆਰੰਟਾਈਨ ਕਰ ਦਿੱਤਾ ਜਾਂਦਾ ਹੈ ਪਰ ਆਯੂਸ਼ ਦੇ ਡਾਕਟਰਾਂ ਨੂੰ ਜਦੋਂ ਤੋਂ ਲਾਕਡਾਊਨ ਸ਼ੁਰੂ ਹੋਇਆ ਹੈ, ਉਦੋਂ ਤੋਂ ਡਿਊਟੀ ਕਰਵਾਈ ਜਾ ਰਹੀ ਹੈ।
ਚੰਡੀਗੜ੍ਹ ਦੇ 90 ਫ਼ੀਸਦੀ ਡਾਕਟਰ ਕਰ ਰਹੇ ਕੋਵਿਡ ਡਿਊਟੀ
ਜੀ. ਐੱਮ. ਐੱਸ. ਐੱਚ.-16 ਦੇ ਮੈਡੀਕਲ ਸੁਪਰਿਟੈਂਡੈਂਟ ਪ੍ਰੋ. ਵੀਰੇਂਦਰ ਨਾਗਪਾਲ ਦਾ ਕਹਿਣਾ ਹੈ ਕਿ ਆਯੂਸ਼ ਦੇ ਡਾਕਟਰਾਂ ਦੀ ਹੀ ਨਹੀਂ ਸਗੋਂ ਚੰਡੀਗੜ੍ਹ ਪ੍ਰਸ਼ਾਸਨ 'ਚ ਤਾਇਨਾਤ 90 ਫ਼ੀਸਦੀ ਡਾਕਟਰਾਂ ਦੀ ਕੋਵਿਡ ਮੈਨੇਜਮੈਂਟ ਲਈ ਬਣੀਆਂ ਵੱਖ-ਵੱਖ ਟੀਮਾਂ 'ਚ ਡਿਊਟੀ ਲਗਾਈ ਗਈ ਹੈ। 10 ਫ਼ੀਸਦੀ ਉਨ੍ਹਾਂ ਡਾਕਟਰਾਂ ਨੂੰ ਡਿਊਟੀ ਤੋਂ ਦੂਰ ਰੱਖਿਆ ਹੈ, ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਉਨ੍ਹਾਂ ਦੀ ਕੋਈ ਸਿਹਤ ਸਬੰਧੀ ਸਮੱਸਿਆ ਹੈ। ਪ੍ਰੋ. ਨਾਗਪਾਲ ਦਾ ਕਹਿਣਾ ਹੈ ਕਿ ਕੋਵਿਡ 'ਚ ਆਰਥੋਪੈਡਿਕਸ ਡਾਕਟਰਾਂ ਤੋਂ ਲੈ ਕੇ ਡੈਂਟਲ, ਆਈ ਸਰਜਨ, ਮੈਡੀਸਨ ਸਾਰਿਆਂ ਦੀ ਡਿਊਟੀ ਲਗਾਈ ਗਈ ਹੈ। ਹਸਪਤਾਲ 'ਚ ਸਰਜਰੀ, ਗਾਈਨੀਕੋਲਾਜੀ, ਮੈਡੀਸਨ ਦੇ ਡਾਕਟਰ ਤਾਂ ਲਗਾਤਾਰ ਡਿਊਟੀ ਕਰ ਰਹੇ ਹਨ। ਬਾਪੂਧਾਮ ਕਲੋਨੀ 'ਚ ਜ਼ਿਆਦਾ ਤੋਂ ਜ਼ਿਆਦਾ ਸੈਂਪਲ ਵੀ ਲੈਣੇ ਹਨ ਅਤੇ ਹੁਣ ਤਾਂ ਓ. ਪੀ. ਡੀ. 'ਚ ਵੀ ਮਰੀਜ਼ ਆਉਣ ਲੱਗੇ ਹਨ। ਰਹੀ ਗੱਲ ਕੋਵਿਡ ਟ੍ਰੇਨਿੰਗ ਦੀ ਤਾਂ ਜੇਕਰ ਆਯੂਸ਼ ਡਾਕਟਰਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਟ੍ਰੇਨਿੰਗ ਦੇਣ 'ਚ ਕੋਈ ਸਮੱਸਿਆ ਨਹੀਂ ਹੈ। ਹਸਪਤਾਲ ਦੇ ਤਕਨੀਸ਼ੀਅਨ, ਅਟੈਡੈਂਟ ਨੂੰ ਜੇਕਰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਤਾਂ ਆਯੂਸ਼ ਡਾਕਟਰਾਂ ਨੂੰ ਟ੍ਰੇਨਿੰਗ ਦੇਣ 'ਚ ਕੋਈ ਮੁਸ਼ਕਿਲ ਨਹੀਂ ਹੈ।
ਇਹ ਵੀ ਪੜ੍ਹੋ : ਆਉਂਦੇ ਦਿਨਾਂ 'ਚ ਅਸਮਾਨੋਂ ਵਰ੍ਹੇਗੀ ਅੱਗ, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਰੈੱਡ ਅਲਰਟ ਜਾਰੀ
ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ
NEXT STORY